ਚੰਡੀਗੜ੍ਹ:ਲੁਧਿਆਣਾ ਕੋਰਟ ਧਮਾਕਾ ਮਾਮਲੇ (Ludhiana District Court Blast case) ’ਚ ਪੰਜਾਬ ਦੇ ਡੀਜੀਪੀ ਸਿਧਾਰਥ ਚਟੋਪਾਧਿਆਏ ਨੇ ਪ੍ਰੈਸ ਕਾਨਫਰੰਸ ਕਰ ਵੱਡੇ ਖੁਲਾਸੇ ਕੀਤੇ ਹਨ। ਡੀਜੀਪੀ ਨੇ ਦੱਸਿਆ ਕਿ 24 ਘੰਟਿਆਂ ਵਿੱਚ ਮਾਮਲਾ ਟ੍ਰੇਸ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਗਗਨਦੀਪ ਪੰਜਾਬ ਪੁਲਿਸ ਦੀ ਨੌਕਰੀ ਕਰਦਾ ਸੀ।
ਸਿਧਾਰਥ ਚਟੋਪਾਧਿਆ ਨੇ ਦੱਸਿਆ ਕਿ ਮ੍ਰਿਤਕ ਗਗਨਦੀਪ ਸਿੰਘ ਖਿਲਾਫ਼ 2019 ਵਿੱਚ ਮਾਮਲਾ ਦਰਜ ਹੋਇਆ ਸੀ। ਉਨ੍ਹਾਂ ਦੱਸਿਆ ਕਿ ਡਰੱਗ ਮਾਮਲੇ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਉਨ੍ਹਾਂ ਅੱਗੇ ਦੱਸਿਆ ਕਿ ਮੁਲਜ਼ਮ ਦਾ 24 ਨੂੰ ਟਰਾਇਲ ਸੀ ਅਤੇ ਮਿਤੀ 03-02-2022 ਨੂੰ ਅਗਲੀ ਸੁਣਵਾਈ ਹੋਣੀ ਸੀ।
ਡੀਜੀਪੀ ਨੇ ਦੱਸਿਆ ਕਿ ਮੌਕੇ ਉੱਤੇ ਮਾਰੇ ਗਏ ਸ਼ਖ਼ਸ ਦਾ ਮਕਸਦ ਤਾਰਾਂ ਨੂੰ ਜੋੜਨਾ ਅਤੇ ਬਾਥਰੂਮ ਵਿੱਚ ਬੰਬ ਨੂੰ ਅਸੈਂਬਲ ਕਰਨ ਗਿਆ ਲੱਗ ਰਿਹਾ ਸੀ। ਉਨ੍ਹਾਂ ਕਿਹਾ ਕਿ ਇਹ ਵੱਡੀ ਸਾਜ਼ਿਸ਼ ਹੈ ਅਤੇ ਚੋਣਾਂ ਤੋਂ ਪਹਿਲਾਂ ਅਜਿਹੀਆਂ ਕੋਸ਼ਿਸ਼ਾਂ ਨੂੰ ਰੋਕਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਖਾਲਿਸਤਾਨੀ ਲਿੰਕ ਅਤੇ ਨਾਰਕੋਟਿਕਸ ਟੈਰੇਰਿਜ਼ਮ ਨਜ਼ਰ ਆ ਰਿਹਾ ਹੈ। ਇਸ ਮੌਕੇ ਉਨ੍ਹਾਂ ਸੁਰੱਖਿਆ ਵਿੱਚ ਹੋਈ ਲਾਪਰਵਾਹੀ ਦੀ ਗੱਲ ਮੰਨੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਧਿਆਨ ਰੱਖਣ ਦੀ ਗੱਲ ਕਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ 67 ਅਦਾਲਤਾਂ ਹਨ ਅਤੇ ਸਾਰੀਆਂ ਥਾਵਾਂ ਸਕਿਓਰਿਟੀ ਰਿਵਿਊ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜਿੱਥੇ ਜਿਸ ਚੀਜ਼ ਦੀ ਜ਼ਰੂਰਤ ਹੋਵੇਗੀ ਉਸਨੂੰ ਲਗਾਇਆ ਜਾਵੇਗਾ।