ਚੰਡੀਗੜ੍ਹ: ਪੰਜਾਬ ਪੁਲਿਸ ਨੇ ਲੁਧਿਆਣਾ ਜ਼ਿਲ੍ਹਾ ਅਦਾਲਤ 'ਚ ਹੋਏ ਧਮਾਕੇ ਦੇ ਮਾਮਲੇ ਨੂੰ ਸੁਲਝਾ ਲਿਆ ਹੈ। ਲੁਧਿਆਣਾ ਜ਼ਿਲ੍ਹਾ ਅਦਾਲਤ ਧਮਾਕਾ ਮਾਮਲੇ 'ਚ ਬਾਰਡਰ ਰੇਂਜ ਦੀ STF ਟੀਮ ਨੇ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਧਮਾਕੇ ਵਿੱਚ ਵਰਤੀ ਗਈ ਆਈਈਡੀ ਨੂੰ ਆਈ.ਐਸ.ਆਈ ਵੱਲੋਂ ਡਰੋਨ ਰਾਹੀਂ ਭਾਰਤ ਭੇਜਿਆ ਗਿਆ ਸੀ। ਇਹ ਆਪਰੇਸ਼ਨ ਕੇਂਦਰੀ ਏਜੰਸੀ ਦੇ ਤਾਲਮੇਲ ਨਾਲ ਚਲਾਇਆ ਗਿਆ ਸੀ।
ਇਸ ਮਾਮਲੇ ਨੂੰ ਹੱਲ ਕਰਨ ਦੀ ਜਾਣਕਾਰੀ ਪੰਜਾਬ ਪੁਲਿਸ ਦੇ ਡੀ.ਜੀ.ਪੀ ਵੀ ਕੇ ਭਾਵਰਾ ਵਲੋਂ ਟਵੀਟ ਕਰਕੇ ਸਾਂਝੀ ਕੀਤੀ ਗਈ ਹੈ। ਇਸ ਸਬੰਧੀ ਡੀ.ਜੀ.ਪੀ ਭਾਵਰਾ ਦਾ ਕਹਿਣਾ ਕਿ ਪੰਜਾਬ ਪੁਲਿਸ ਸੂਬੇ ਦੇ ਨਾਗਰਿਕਾਂ ਨੂੰ ਸੁਰੱਖਿਅਤ ਰੱਖਣ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੀ ਹੈ।
ਦੱਸ ਦਈਏ ਕਿ ਬੀਤੇ ਕੱਲ੍ਹ ਐਸ.ਟੀ.ਐਫ਼ ਦੀ ਟੀਮ ਨੂੰ ਉਸ ਸਮੇਂ ਸਫ਼ਲਤਾ ਹਾਸਲ ਹੋਈ ਸੀ। ਜਦੋਂ ਉਨ੍ਹਾਂ ਵਲੋਂ ਇਕ ਅਪ੍ਰੇਸ਼ਨ ਦੌਰਾਨ ਭਾਰੀ ਵਿਸਫੌਟਕ ਸਮੱਗਰੀ ਦੇ ਨਾਲ ਚਾਰ ਗ੍ਰਿਫ਼ਤਾਰੀਆਂ ਕੀਤੀਆਂ ਸੀ। ਜ਼ਿਕਰਯੋਗ ਹੈ ਕਿ ਐਸ.ਟੀ.ਐਫ਼ ਵਲੋਂ ਜੋ ਇਹ ਕਾਰਵਾਈ ਕੀਤੀ ਗਈ ਸੀ,ਉਸ 'ਚ ਅੱਠਵੀ ਜਮਾਤ ਦਾ ਇਕ ਬੱਚਾ ਵੀ ਸ਼ਾਮਲ ਸੀ, ਜਿਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਸਬੰਧੀ ਕੇਂਦਰੀ ਏਜੰਸੀਆਂ ਵਲੋਂ ਵੀ ਐਸ.ਟੀ.ਐਫ ਦੀ ਮਦਦ ਕੀਤੀ ਗਈ ਸੀ।
ਕੀ ਸੀ ਮਾਮਲਾ: ਪਿਛਲੇ ਸਾਲ ਦਸੰਬਰ ਮਹੀਨੇ ਲੁਧਿਆਣਾ ਸ਼ਹਿਰ ਦੇ ਕੋਰਟ ਕੰਪਲੈਕਸ 'ਚ ਬਲਾਸਟ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ।ਜ਼ਿਲ੍ਹਾ ਕਚਹਿਰੀ ਦੇ ਦੂਜੇ ਫਲੋਰ 'ਤੇ ਬਾਥਰੂਮ ਅੰਦਰ ਧਮਾਕਾ ਹੋਇਆ ਸੀ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਵਿੱਚ ਛੇ ਲੋਕ ਜ਼ਖ਼ਮੀ ਹੋ ਗਏ ਸਨ। ਹਾਲਾਂਕਿ ਉਨ੍ਹਾਂ ਦੀ ਹਾਲਤ ਫਿਲਹਾਲ ਖਤਰੇ ਤੋਂ ਬਾਹਰ ਹੈ ਜਦੋਂ ਕਿ ਮੁੱਖ ਮੁਲਜ਼ਮ ਦੱਸਿਆ ਜਾ ਰਿਹਾ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ।
ਸਾਬਕਾ ਪੁਲੀਸ ਮੁਲਾਜ਼ਮ ਸੀ ਮੁਲਜ਼ਮ:ਇਸ 'ਚ ਖੁਲਾਸਾ ਹੋਇਆ ਸੀ ਕਿ ਮੁਲਜ਼ਮ ਸਾਬਕਾ ਪੁਲੀਸ ਮੁਲਾਜ਼ਮ ਸੀ ਅਤੇ ਐਨ.ਡੀ.ਪੀ.ਸੀ ਐਕਟ ਦੇ ਤਹਿਤ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। 3 ਅਗਸਤ 2019 'ਚ ਉਸ ਨੂੰ ਜੇਲ੍ਹ ਭੇਜਿਆ ਗਿਆ ਸੀ, ਜਿਸ ਤੋਂ ਬਾਅਦ ਸਤੰਬਰ 2021 ਭਾਵ ਸਿਰਫ਼ ਦੋ ਮਹੀਨੇ ਪਹਿਲਾਂ ਹੀ ਉਹ ਰਿਹਾਅ ਹੋ ਕੇ ਵਾਪਿਸ ਆਇਆ ਸੀ। ਮੁਲਜ਼ਮ ਖੰਨਾ ਦੀ ਹੀ ਪ੍ਰੋਫੈਸਰ ਕਲੋਨੀ ਦਾ ਰਹਿਣ ਵਾਲਾ ਸੀ। ਹਾਲਾਂਕਿ ਪੰਜਾਬ ਪੁਲੀਸ ਵੱਲੋਂ ਉਸ ਨੂੰ ਪਹਿਲਾਂ ਹੀ ਐੱਨਡੀਪੀਐੱਸ ਐਕਟ ਤਹਿਤ ਪਰਚਾ ਦਰਜ ਹੋਣ ਤੋਂ ਬਾਅਦ ਡਿਸਮਿਸ ਕਰ ਦਿੱਤਾ ਗਿਆ ਸੀ। ਖਾਸ ਗੱਲ ਇਹ ਸੀ ਕਿ ਇਸ ਧਮਾਕੇ 'ਚ ਮੁਲਜ਼ਮ ਦੀ ਹੌ ਮੌਤ ਹੋਈ ਸੀ।
ਧਮਾਕਾ ਕਰਨ ਵਾਲੇ ਦੇ ਨਜ਼ਦੀਕੀਆਂ ਦੇ ਸੀ ਪਾਕਿਸਤਾਨੀ ਲਿੰਕ:ਲੁਧਿਆਣਾ ਬੰਬ ਧਮਾਕਿਆਂ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਗਗਨਦੀਪ ਦੋ ਸਾਲ ਲੁਧਿਆਣਾ ਦੀ ਜੇਲ੍ਹ ਵਿਚ ਰਿਹਾ ਸੀ ਅਤੇ ਜੇਲ੍ਹ ਵਿੱਚ ਹੀ ਉਸ ਦੇ ਕਈ ਅਜਿਹੇ ਸਮਾਜ ਵਿਰੋਧੀ ਅਨਸਰਾਂ ਦੇ ਨਾਲ ਸੰਪਰਕ ਹੋ ਗਿਆ ਸੀ, ਜਿਨ੍ਹਾਂ ਦੇ ਪਾਕਿਸਤਾਨ ਅਤੇ ਵਿਦੇਸ਼ਾਂ ਵਿਚ ਬੈਠੇ ਖਾਲਿਸਤਾਨੀ ਸਮਰਥਕਾਂ ਦੇ ਨਾਲ ਲਿੰਕ ਸਨ। ਇਨ੍ਹਾਂ ਵਿਚੋਂ ਮੁੱਖ ਮੁਲਜ਼ਮ ਜੇਲ੍ਹ ਦੇ ਵਿੱਚ ਡਰੱਗ ਤਸਕਰ ਚੀਤਾ ਅਤੇ ਸੁਖਵਿੰਦਰ ਸਿੰਘ ਦੇ ਸੰਪਰਕ ਵਿਚ ਸੀ ਅਤੇ ਗਗਨਦੀਪ ਖੁਦ ਵੀ ਨਸ਼ੇ ਸਪਲਾਈ ਕਰਨ ਦੇ ਦੋਸ਼ ਵਿੱਚ ਹੀ ਲੁਧਿਆਣਾ ਜੇਲ੍ਹ ਚ ਰਿਹਾ ਸੀ। ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਪੁਲੀਸ ਵੱਲੋਂ ਪ੍ਰੋਡਕਸ਼ਨ ਵਰੰਟ ਲੈ ਕੇ ਪੁੱਛਗਿੱਛ ਕੀਤੀ ਗਈ ਸੀ। ਜਿਨ੍ਹਾਂ ਤੋਂ ਉਨ੍ਹਾਂ ਦੇ ਪਾਕਿਸਤਾਨੀ ਅਤੇ ਵਿਦੇਸ਼ਾਂ ਚ ਬੈਠੇ ਸਿੱਖ ਫਾਰ ਜਸਟਿਸ ਦੇ ਕਾਰਕੁੰਨਾਂ ਨਾਲ ਸਬੰਧ ਸਾਹਮਣੇ ਆਏ ਸਨ।
ਇਹ ਵੀ ਪੜ੍ਹੋ:ਕਾਨੂੰਨ ਵਿਵਸਥਾ ਅਤੇ ਅਪਰਾਧਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਡੀ.ਜੀ.ਪੀ. ਵਲੋਂ ਉੱਚ ਪੱਧਰੀ ਮੀਟਿੰਗਾਂ