ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ 100 ਸਾਲ ਪੂਰੇ ਹੋਣ 'ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਬਣਾਈ ਗਈ ਨਵੀਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟ ਨੇ ਚੰਡੀਗਡ਼੍ਹ ਪ੍ਰੈਸ ਕਲੱਬ ਵਿਖੇ ਪ੍ਰੈਸ ਵਾਰਤਾ ਕਰ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ 'ਤੇ ਰੱਜ ਕੇ ਨਿਸ਼ਾਨੇ ਸਾਧੇ। ਇਸ ਦੌਰਾਨ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕਰਦਿਆਂ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਬਚਾਉਣ ਲਈ ਹੀ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆਈ ਸੀ ਅਤੇ ਹਮੇਸ਼ਾ ਹੀ ਧਰਮ ਉੱਪਰ 'ਤੇ ਪਾਰਟੀ ਹੇਠਾਂ ਰਹੀ ਹੈ ਪਰ ਸੁਖਬੀਰ ਬਾਦਲ ਦੇ ਆਉਂਦੇ ਹੀ ਧਰਮ ਹੇਠਾਂ ਅਤੇ ਸਿਆਸੀ ਪਾਰਟੀ ਉੱਪਰ ਕਰ ਦਿੱਤੀ ਗਈ ਅਤੇ ਸੁਖਬੀਰ ਸਿੰਘ ਬਾਦਲ ਇੱਕ ਕਾਰਪੋਰੇਟ ਵਜੋਂ ਪਾਰਟੀ ਨੂੰ ਚਲਾਉਣ ਲੱਗ ਪਏ ਜਿਸ ਦੇ ਰੋਸ ਵਜੋਂ ਉਨ੍ਹਾਂ ਨੂੰ ਵੱਖ ਹੋਣਾ ਪਿਆ।
ਕਿਸਾਨੀ ਸੰਘਰਸ਼ ਬਾਰੇ ਬੋਲਦਿਆਂ ਸੁਖਦੇਵ ਢੀਂਡਸਾ ਨੇ ਕਿਹਾ ਕਿ ਹਰ ਧਰਮ ਦੇ ਲੋਕ ਇਸ ਸੰਘਰਸ਼ ਦਾ ਹਿੱਸਾ ਬਣ ਰਹੇ ਹਨ ਅਤੇ ਖ਼ਾਸਕਰ ਹਰਿਆਣਾ ਜੋ ਕਿ ਪਾਣੀਆਂ ਦੇ ਮੁੱਦੇ 'ਤੇ ਪੰਜਾਬ ਨਾਲ ਲੜਦਾ ਸੀ ਉਹ ਵੀ ਇਕੱਠੇ ਹੋ ਗਏ ਹਨ। ਢੀਂਡਸਾ ਨੇ ਕਿਹਾ ਕਿ ਪਹਿਲਾਂ ਖੇਤੀਬਾੜੀ ਕਾਨੂੰਨ ਰੱਦ ਕਰਵਾਉਣ ਦਾ ਸੰਘਰਸ਼ ਲੜਿਆ ਜਾਵੇ ਪਾਣੀਆਂ ਦੇ ਮੁੱਦੇ ਦਾ ਬਾਅਦ ਵਿੱਚ ਬੈਠ ਕੇ ਹੱਲ ਕੱਢ ਲਿਆ ਜਾਵੇਗਾ।