ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਵੀਰਵਾਰ ਨੂੰ ਚੰਡੀਗੜ੍ਹ 'ਚ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕੀਤਾ। ਇਸ ਪ੍ਰੈੱਸ ਕਾਨਫਰੰਸ 'ਚ ਹਰਪਾਲ ਸਿੰਘ ਚੀਮਾ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਸਿੱਧਾ ਸ਼ਬਦੀ ਹਮਲਾ ਬੋਲਦੇ ਹੋਏ ਕਿਹਾ ਕਿ ਆਬਕਾਰੀ ਸਮੇਤ ਸਰਕਾਰੀ ਖ਼ਜ਼ਾਨੇ ਦੀ ਸ਼ਰੇਆਮ ਲੁੱਟ ਹੋ ਰਹੀ ਹੈ ਉਸ ਦੀ ਅਸਲੀ ਜੜ ਖ਼ੁਦ ਮੁੱਖ ਮੰਤਰੀ ਹਨ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜਿੰਨੀ ਛੇਤੀ ਕੁਰਸੀ ਤੋਂ ਉੱਤਰਨਗੇ, ਇਸੇ ਵਿੱਚ ਹੀ ਪੰਜਾਬ ਅਤੇ ਪੰਜਾਬੀਆਂ ਦੀ ਭਲਾਈ ਹੈ। ਚੀਮਾ ਨੇ ਕਾਂਗਰਸੀ ਵਜ਼ੀਰਾਂ-ਵਿਧਾਇਕਾਂ ਨੂੰ ਕਿਹਾ ਕਿ ਉਹ ਅਫ਼ਸਰਾਂ ਨਾਲ ਖਹਿਬੜਨ ਦੀ ਥਾਂ ਆਪਣੀ ਹਾਈਕਮਾਨ ਉੱਤੇ ਕੈਪਟਨ ਨੂੰ ਚੱਲਦਾ ਕਰਨ ਲਈ ਫ਼ੈਸਲਾਕੁਨ ਦਬਾਅ ਬਣਾਉਣ ਅਤੇ ਜਾਂ ਫਿਰ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਲਈ ਆਪਣੇ ਰੁਤਬੇ ਅਹੁਦੇ ਕੁਰਬਾਨ ਕਰਨ ਦੀ ਜੁਰਅਤ ਦਿਖਾਉਣ।
ਹਰਪਾਲ ਸਿੰਘ ਚੀਮਾ ਨੇ ਕਿਹਾ ਜਿਵੇਂ ਅਕਾਲੀ-ਭਾਜਪਾ ਰਾਜ 'ਚ ਸੁਖਬੀਰ ਸਿੰਘ ਬਾਦਲ ਸਾਰੇ ਮਾਫ਼ੀਏ ਦਾ 'ਸਰਗਨਾ' ਸੀ, ਉਸੇ ਭੂਮਿਕਾ 'ਚ ਹੁਣ ਕੈਪਟਨ ਅਮਰਿੰਦਰ ਸਿੰਘ ਹਨ। ਚੀਮਾ ਮੁਤਾਬਕ, ''ਇਹ ਜੋ ਅਫ਼ਸਰ ਅਤੇ ਮੰਤਰੀ-ਵਿਧਾਇਕ ਬਿੱਲੀਆਂ ਵਾਂਗ ਲੜ ਰਹੇ ਹਨ, ਇਹ ਸਭ ਤਾਂ 'ਮੋਹਰੇ' ਹਨ ਅਸਲੀ 'ਅਲੀਬਾਬਾ' ਤਾਂ ਖ਼ੁਦ ਕੈਪਟਨ ਅਮਰਿੰਦਰ ਸਿੰਘ ਹਨ। ਜੋ ਆਪਣੇ ਕਿਸੇ ਸ਼ਾਹੀ ਫਾਰਮ ਹਾਊਸ 'ਚ ਬੈਠ ਕੇ ਨੀਰੋ ਵਾਂਗ ਨਜ਼ਾਰੇ ਲੈ ਰਹੇ ਹਨ। ਦਰਬਾਰੀ ਕਿਵੇਂ ਜੂਤ-ਪਤਾਣ ਹੋ ਰਹੇ ਹਨ ਅਤੇ ਕੋਰੋਨਾ ਮਹਾਂਮਾਰੀ ਅਤੇ ਲੌਕਡਾਊਨ ਕਾਰਨ ਪੰਜਾਬ ਦੇ ਲੋਕ ਕਿਵੇਂ ਤ੍ਰਾਹ-ਤ੍ਰਾਹ ਕਰ ਰਹੇ ਹਨ, 'ਮਹਾਰਾਜੇ' ਨੂੰ ਕੋਈ ਪ੍ਰਵਾਹ ਨਹੀਂ। ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਘੱਟੋ-ਘੱਟ ਆਪਣੀ ਲੋਕੇਸ਼ਨ ਹੀ ਜਨਤਕ ਕਰ ਦੇਣ।
ਹਰਪਾਲ ਸਿੰਘ ਚੀਮਾ ਨੇ ਕਾਂਗਰਸੀਆਂ ਮੰਤਰੀਆਂ-ਵਿਧਾਇਕਾਂ ਨੂੰ ਕਿਹਾ ਕਿ ਜੇਕਰ ਤਿੰਨ ਸਾਲਾਂ ਬਾਅਦ ਸੱਚਮੁੱਚ ਹੀ ਉਨ੍ਹਾਂ ਅੰਦਰ ਪੰਜਾਬ ਦੇ ਸਰਕਾਰੀ ਖ਼ਜ਼ਾਨੇ ਅਤੇ ਲੋਕਾਂ ਲਈ ਦਰਦ ਜਾਗਿਆ ਹੈ ਤਾਂ ਹੁਣ ਉਹ ਇਸ ਬਿਮਾਰੀ ਦੀ ਜੜ ਵੱਢ ਕੇ ਹੀ ਦਮ ਲੈਣ।