ਚੰਡੀਗੜ੍ਹ: ਪੋਸਟ ਮੈਟ੍ਰਿਕ ਸਕਾਲਰਸ਼ਿਪ ਨੂੰ ਲੈ ਕੇ ਸੂਬੇ ਦੀ ਸਿਆਸਤ ਇਸ ਵੇਲੇ ਪੂਰੀ ਤਰ੍ਹਾਂ ਸਰਗਰਮ ਦਿਖਾਈ ਦੇ ਰਹੀ ਹੈ। ਜਿੱਥੇ ਵਿਰੋਧੀ ਪਾਰਟੀਆਂ ਸਰਕਾਰ 'ਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਉਂਦੇ ਹੋਏ ਸੀਬੀਆਈ ਜਾਂਚ ਦੀ ਮੰਗ ਕਰ ਰਹੀਆਂ ਹਨ। ਉੱਥੇ ਹੀ ਕਾਂਗਰਸੀ ਆਗੂ ਵੀ ਇਸ ਮਾਮਲੇ ਨੂੰ ਲੈ ਕੇ ਜਾਂਚ ਦੀ ਮੰਗ ਰਹੇ ਹਨ। ਕਾਂਗਰਸੀ ਰਾਜ ਸਭਾ ਮੈਂਬਰ ਤੇ ਸਾਬਕਾ ਸੂਬਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋਂ ਨੇ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਹੁਣ ਕਾਂਗਰਸੀ ਵਿਧਾਇਕ ਅਤੇ ਦਲਿਤ ਆਗੂ ਰਾਜ ਕੁਮਾਰ ਵੇਰਕਾ ਨੇ ਵੀ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ 2012 ਤੋਂ ਹੁਣ ਦੇ ਸਾਰੇ ਘੁਟਾਲੇ ਦੀ ਜਾਂਚ ਦੀ ਮੰਗ ਕੀਤੀ ਹੈ।
ਦਲਿਤਾਂ ਦੇ ਪੈਸੇ ਖਾਣ ਵਾਲਾ ਚਾਹੇ ਅਕਾਲੀ ਹੋਵੇ ਜਾਂ ਕਾਂਗਰਸੀ ਸਜ਼ਾ ਜ਼ਰੂਰ ਮਿਲੇਗੀ: ਵੇਰਕਾ
ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕਰਦਿਆਂ ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਅਕਾਲੀ ਦਲ ਸੀਬੀਆਈ ਜਾਂਚ ਦੀ ਮੰਗ ਕਰ ਰਿਹਾ ਤੇ ਉਨ੍ਹਾਂ ਨੇ ਆਪਣੀ ਸਰਕਾਰ ਵੇਲੇ ਹੋਏ 550 ਕਰੋੜ ਦੇ ਘੁਟਾਲੇ ਦੀ ਸੀਬੀਆਈ ਦੀ ਜਾਂਚ ਕਿਉਂ ਨਹੀਂ ਕਰਵਾਈ।
ਦਲਿਤਾਂ ਦੇ ਪੈਸੇ ਖਾਣ ਵਾਲਾ ਚਾਹੇ ਅਕਾਲੀ ਹੋਵੇ ਜਾਂ ਕਾਂਗਰਸੀ ਸਜ਼ਾ ਜ਼ਰੂਰ ਮਿਲੇਗੀ: ਵੇਰਕਾ ਸੂਬਾ ਸਰਕਾਰ ਦੇ ਬਰਾਬਰ ਕੇਂਦਰ ਸਰਕਾਰ ਵੱਲੋਂ ਵੀ ਸਕਾਲਰਸ਼ਿਪ ਘੁਟਾਲੇ ਦੇ ਮਾਮਲੇ ਵਿੱਚ ਜਾਂਚ ਕਰਵਾਉਣ 'ਤੇ ਵੇਰਕਾ ਨੇ ਕਿਹਾ ਕਿ ਕੇਂਦਰ ਸਰਕਾਰ ਸੂਬਾ ਸਰਕਾਰਾਂ ਦੇ ਅਧਿਕਾਰਾਂ ਉੱਪਰ ਡਾਕਾ ਮਾਰ ਰਿਹਾ ਹੈ। ਜਦੋਂ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ 'ਚ ਮੁੱਖ ਸਕੱਤਰ ਨੂੰ ਜਾਂਚ ਕਰਨ ਦੇ ਹੁਕਮ ਦੇ ਦਿੱਤੇ ਹਨ।
ਵਿਰੋਧੀਆਂ ਤੇ ਆਪਣਿਆਂ ਵੱਲੋਂ ਸੀਬੀਆਈ ਜਾਂਚ ਦੀ ਕੀਤੀ ਜਾ ਰਹੀ ਮੰਗ 'ਤੇ ਵੇਰਕਾ ਨੇ ਕਿਹਾ ਕਿ ਸੀਬੀਆਈ ਇਸ ਵੇਲੇ ਕੇਂਦਰ ਸਰਕਾਰ ਦਾ ਹੱਥਠੋਕਾ ਹੈ। ਉਨ੍ਹਾਂ ਕਿਹਾ ਕਿ ਸੀਬੀਆਈ ਨੇ ਹੁਣ ਤੱਕ ਬੇਅਦਬੀ ਤੇ ਆਰਐਸਐਸ ਆਗੂਆਂ ਦੇ ਕਤਲਾਂ ਦੀ ਜਾਂਚ ਤਾਂ ਸਹੀ ਤਰੀਕੇ ਨਾਲ ਨਹੀਂ ਕੀਤੀ।
ਵੇਰਕਾ ਨੇ ਅਕਾਲੀ ਦਲ ਤੇ ਭਾਜਪਾ ਦੀ ਸੀਬੀਆਈ ਜਾਂਚ ਦੀ ਮੰਗ ਬਾਰੇ ਕਿਹਾ ਕਿ ਇਹ ਦੋਵੇਂ ਦਲ ਆਪਣੀ ਸਰਕਾਰ 'ਚ ਹੋਏ ਘਪਲੇ ਨੂੰ ਲੁਕਾਉਣ ਲਈ ਸੀਬੀਆਈ ਦੀ ਜਾਂਚ ਦੀ ਮੰਗ ਕਰ ਰਹੇ ਹਨ ਕਿਉਂਕਿ ਇਨ੍ਹਾਂ ਨੂੰ ਆਪਣੇ ਕੀਤੇ ਘੁਟਾਲਿਆਂ ਦੇ ਉਜਾਗਰ ਹੋਣ ਦਾ ਡਰ ਹੈ। ਵੇਰਕਾ ਨੇ ਇੱਥੋਂ ਤੱਕ ਕਿਹਾ ਕਿ ਭਾਵੇਂ ਦੋਸ਼ੀ ਅਕਾਲੀਆਂ ਦੀ ਸਰਕਾਰ ਦੇ ਸਮੇਂ ਦਾ ਹੋਵੇ ਚਾਹੇ ਕਾਂਗਰਸ ਸਰਕਾਰ ਦਾ ਜੋ ਵੀ ਦੋਸ਼ੀ ਹੋਵੇਗਾ ਉਸ ਖ਼ਿਲਾਫ਼ ਕਾਰਵਾਈ ਜ਼ਰੂਰ ਕੀਤੀ ਜਾਵੇਗੀ।