ਚੰਡੀਗੜ੍ਹ:ਗੈਰ-ਕਾਨੂੰਨੀ ਮਾਈਨਿੰਗ ਦੇ ਮਾਮਲੇ 'ਚ ਵਿੱਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਨੂੰ ਈਡੀ ਨੇ ਗ੍ਰਿਫ਼ਤਾਰ (ED arrests nephew of Charanjit Channi) ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ ਭੁਪਿੰਦਰ ਸਿੰਘ ਹਨੀ ਨੂੰ ਮੋਹਾਲੀ ਵਿਖੇ ਸੀਬੀਆਈ ਕੋਰਟ ਵਿਚ ਪੇਸ਼ ਕੀਤਾ ਜਾਏਗਾ। ਉੱਥੇ ਹੀ ਦੂਜੇ ਪਾਸੇ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਸੀਐੱਮ ਚਰਨਜੀਤ ਸਿੰਘ ਚੰਨੀ ਹੁਣ ਵਿਰੋਧੀਆਂ ਦੇ ਨਿਸ਼ਾਨੇ ’ਤੇ ਆ ਗਏ ਹਨ।
ਹੁਣ ਚੰਨੀ ਦੀ ਬਾਰੀ ਹੈ- ਮਜੀਠੀਆ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਚੰਨੀ ਨੂੰ ਸਿਰਫ ਚੰਨੀ, ਹਨੀ ਅਤੇ ਮਨੀ ਦੀ ਚਿੰਤਾ ਸੀ। ਸ਼ੁਰੂਆਤ ਚ ਪੈਸਾ ਜਬਤ ਕੀਤਾ ਗਿਆ। ਫਿਰ ਹਨੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਹੁਣ ਚੰਨੀ ਦੀ ਬਾਰੀ ਹੈ।
111 ਦਿਨਾਂ ’ਚ ਸੀਐੱਮ ਚੰਨੀ ਨੇ ਕਰ ਦਿੱਤਾ ਕਮਾਲ - ਕੇਜਰੀਵਾਲ
ਸੀਐੱਮ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਦੀ ਗ੍ਰਿਫਤਾਰੀ ਤੋਂ ਬਾਅਦ ਵਿਰੋਧੀਆਂ ਵੱਲੋਂ ਪੰਜਾਬ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਲੋਕਾਂ ਨੂੰ ਭ੍ਰਿਸ਼ਟਾਚਾਰ ਕਰਨ ’ਚ 4-5 ਸਾਲ ਲਗਦੇ ਹਨ। ਪਰ ਪੰਜਾਬ ਦੇ ਸੀਐੱਮ ਨੇ 111 ਦਿਨਾਂ ਦੇ ਅੰਦਰ ਹੀ ਕਮਾਲ ਕਰ ਦਿੱਤਾ। ਬਦਕਿਸਮਤੀ ਨਾਲ ਲੋਕ ਸਭ ਦੇਖ ਰਹੇ ਹਨ। ਲੋਕ ਇਮਾਨਦਾਰ ਸਰਕਾਰ ਚਾਹੁੰਦੇ ਹਨ।
ਗੈਰ-ਕਾਨੂੰਨੀ ਮਾਈਨਿੰਗ ਮਾਮਲੇ ਵਿੱਚ ਹੋਈ ਸੀ ਛਾਪੇਮਾਰੀ
ਗੈਰ-ਕਾਨੂੰਨੀ ਮਾਈਨਿੰਗ ਦੇ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਪੰਜਾਬ ਦੇ ਲੁਧਿਆਣਾ, ਮੋਹਾਲੀ, ਹਰਿਆਣਾ ਦੇ ਪੰਚਕੂਲਾ 'ਚ ਛਾਪੇਮਾਰੀ ਕੀਤੀ ਗਈ। ਭੁਪਿੰਦਰ ਹਨੀ ਨੂੰ ਈਡੀ ਨੇ ਪੁੱਛਗਿੱਛ ਲਈ ਜਲੰਧਰ ਦਫ਼ਤਰ ਬੁਲਾਇਆ ਸੀ। ਭੁਪਿੰਦਰ ਹਨੀ ਨੂੰ ਈਡੀ ਨੇ ਕਰੀਬ 7-8 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰ ਕੀਤਾ ਹੈ।
ਕਾਬਿਲੇਗੌਰ ਹੈ ਕਿ ਪੰਜਾਬ ਦੀ ਰਾਜਨੀਤੀ ਵਿੱਚ ਇਹ ਇੱਕ ਬਹੁਤ ਵੱਡੀ ਖਬਰ ਹੈ ਕਿਉਂਕਿ ਪੰਜਾਬ ਵਿੱਚ 20 ਫਰਵਰੀ ਨੂੰ ਚੋਣਾਂ ਹੋਣੀਆਂ ਹਨ ਅਤੇ ਇਸ ਦੌਰਾਨ ਭੁਪਿੰਦਰ ਸਿੰਘ ਹਨੀ ਦਾ ਗ੍ਰਿਫ਼ਤਾਰ ਹੋਣਾ ਵਿਰੋਧੀਆਂ ਲਈ ਕਾਂਗਰਸ ਦੇ ਇੱਕ ਵੱਡਾ ਨਿਸ਼ਾਨਾ ਖੁੱਲ੍ਹ ਕੇ ਸਾਹਮਣੇ ਆਇਆ ਹੈ।
ਇਹ ਵੀ ਪੜੋ:ED ਨੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਣਜੇ ਨੂੰ ਕੀਤਾ ਗ੍ਰਿਫ਼ਤਾਰ