ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ 'ਚ ਪੰਜਾਬ ਪੁਲਿਸ ਵਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਸਖ਼ਤ ਸੁਰੱਖਿਆ ਹੇਠ ਪੰਜਾਬ ਲੈਕੇ ਆਉਂਦਾ ਗਿਆ। ਜਿਸ ਤੋਂ ਪੰਜਾਬ ਪੁਲਿਸ ਵਲੋਂ ਤੜਕਸਾਰ ਬਿਸ਼ਨੋਈ ਨੂੰ ਮਾਨਸਾ ਅਦਾਲਤ 'ਚ ਪੇਸ਼ ਕਰਕੇ ਸੱਤ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ।
ਇਸ ਤੋਂ ਬਾਅਦ ਪੰਜਾਬ ਪੁਲਿਸ ਲਾਰੈਂਸ ਤੋਂ ਪੁੱਛਗਿਛ ਲਈ ਖਰੜ ਦੇ ਸੀਆਈਏ ਸਟਾਫ਼ ਦੇ ਦਫ਼ਤਰ ਲੈਕੇ ਪਹੁੰਚੀ ਹੈ। ਜਿਥੇ ਐਂਟੀ ਗੈਂਗਸਟਰ ਟਾਸਕ ਫੋਰਸ ਲਾਰੈਂਸ ਬਿਸ਼ਨੋਈ ਤੋਂ ਪੁੱਛਗਿਛ ਕਰੇਗੀ। ਲਾਰੈਂਸ ਨੂੰ ਬੁਲੇਟਪਰੂਫ ਗੱਡੀਆਂ ਅਤੇ ਸਖ਼ਤ ਸੁਰੱਖਿਆ ਹੇਠ ਲੈਕੇ ਆਉਂਦਾ ਗਿਆ ਹੈ। ਇਸ ਦੇ ਨਾਲ ਹੀ ਸੂਤਰਾਂ ਦਾ ਕਹਿਣਾ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਪੰਜਾਬ ਪੁਲਿਸ ਦੀਆਂ ਏਜੰਸੀਆਂ ਸਵਾਲ ਕਰਨਗੀਆਂ।
ਪੰਜਾਬ ਪੁਲਿਸ ਦੀਆਂ ਚਾਰ ਟੀਮਾਂ ਇਸ ਦੀ ਜਾਂਚ ਕਰਨਗੀਆਂ। ਜਿਸ ਵਿੱਚ ਏਡੀਜੀਪੀ ਇੰਟੈਲੀਜੈਂਸ ਦੀ ਇੱਕ ਟੀਮ ਹੈ, ਜੋ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਕਰੇਗੀ। ਇਸ ਦੇ ਨਾਲ ਹੀ ਦੂਜਾ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਮੁਖੀ ਦੀ ਅਗਵਾਈ ਹੇਠ ਪੁੱਛਗਿੱਛ ਕੀਤੀ ਜਾਵੇਗੀ। ਇਸ ਤੋਂ ਇਲਾਵਾ ਬਠਿੰਡਾ ਦੇ ਆਈਜੀ ਰੇਂਜ ਦੀ ਅਗਵਾਈ ਹੇਠ ਤੀਜੀ ਟੀਮ ਬਣਾਈ ਗਈ ਹੈ। ਇਸ ਦੌਰਾਨ ਵਿਜੀਲੈਂਸ ਬਿਊਰੋ ਦੇ ਸੀਨੀਅਰ ਅਧਿਕਾਰੀ ਵੀ ਪੁੱਛਗਿੱਛ ਕਰਨਗੇ।
ਲਾਰੈਂਸ ਨੂੰ ਪੁੱਛਗਿਛ ਲਈ ਖਰੜ CIA ਸਟਾਫ਼ ਦੇ ਦਫ਼ਤਰ ਲਿਆਂਦਾ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਬਿਸ਼ਨੋਈ ਤੋਂ ਪੁੱਛਗਿੱਛ ਦੌਰਾਨ ਪੰਜਾਬ ਪੁਲਿਸ ਦੀਆਂ ਚਾਰ ਟੀਮਾਂ ਕਰੀਬ 350 ਸਵਾਲ ਪੁੱਛਣਗੀਆਂ। ਪੁਲਿਸ ਸੂਤਰਾਂ ਅਨੁਸਾਰ ਪੰਜਾਬ ਪੁਲਿਸ ਦੀ ਟੀਮ ਨੇ ਲਾਰੈਂਸ ਨੂੰ ਦਿੱਲੀ ਤੋਂ ਮਾਨਸਾ ਲਿਆਉਂਦੇ ਸਮੇਂ ਬੁਲੇਟ ਪਰੂਫ਼ ਗੱਡੀ ਵਿੱਚ ਸਵਾਲ-ਜਵਾਬ ਕੀਤੇ ਅਤੇ ਦਿੱਲੀ ਦੀ ਅਦਾਲਤ ਨੇ ਪੰਜਾਬ ਪੁਲਿਸ ਨੂੰ ਹਦਾਇਤ ਕੀਤੀ ਸੀ ਕਿ ਕਾਫਲਾ ਰਸਤੇ ਵਿੱਚ ਕਿਤੇ ਵੀ ਨਾ ਰੁਕੇ ਅਤੇ ਬਿਨਾਂ ਰੁਕੇ ਮਾਨਸਾ ਪਹੁੰਚ ਜਾਵੇ।
ਪੰਜ ਘੰਟੇ ਦੇ ਸਫ਼ਰ ਦੌਰਾਨ ਪੁਲਿਸ ਦੀਆਂ ਚਾਰ ਟੀਮਾਂ ਦੇ ਅਧਿਕਾਰੀਆਂ ਨੇ ਬਿਸ਼ਨੋਈ ਨੂੰ ਵਾਰ-ਵਾਰ ਸਵਾਲ ਪੁੱਛਿਆ ਕਿ ਉਸ ਨੇ ਮੂਸੇਵਾਲਾ ਨੂੰ ਕਿਉਂ ਮਾਰਿਆ? ਹਥਿਆਰ ਕਿਸਨੇ ਦਿੱਤੇ ਸਨ? ਪਰ ਵਿਸ਼ਨੋਈ ਨੇ ਅਜੇ ਤੱਕ ਪੁਲਿਸ ਦੇ ਸਾਹਮਣੇ ਇੱਕ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ ਹੈ।
ਲਾਰੈਂਸ ਲਈ ਪੰਜਾਬ ਪੁਲਿਸ ਪੁੱਛੇਗੀ ਇਹ ਸਵਾਲ:
- ਸਿੱਧੂ ਮੂਸੇਵਾਲਾ ਨਾਲ ਕੀ ਦੁਸ਼ਮਣੀ ਸੀ ?
- ਜੇਲ੍ਹ 'ਚ ਬੈਠ ਕੇ ਕਤਲ ਦੀ ਯੋਜਨਾ ਕਿਵੇਂ ਬਣਾਈ?
- ਮੂਸੇਵਾਲਾ ਦੇ ਕਤਲ 'ਚ ਕਿੰਨੇ ਸ਼ਾਰਪ ਸ਼ੂਟਰ ਸੀ?
- ਮੂਸੇਵਾਲਾ ਦੇ ਕਤਲ 'ਚ ਕੌਣ-ਕੌਣ ਸ਼ਾਮਲ ਹੈ?
- ਸ਼ਾਰਪ ਸ਼ੂਟਰਾਂ ਨੂੰ ਹਥਿਆਰ ਕਿੱਥੋਂ ਮੁਹੱਇਆ ਕਰਵਾਏ ਗਏ ਸਨ?
- AN-94 ਵਰਗਾ ਆਧੁਨਿਕ ਹਥਿਆਰ ਕਿੱਥੋਂ ਆਇਆ? ਹੁਣ ਇਹ ਹਥਿਆਰ ਕਿੱਥੇ ਹੈ?
- ਜੇਲ੍ਹ 'ਚ ਰਹਿੰਦੇ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨਾਲ ਕਿਵੇਂ ਸੰਪਰਕ ਹੁੰਦਾ ਹੈ?
ਲਾਰੈਂਸ ਦੀ ਕ੍ਰਾਈਮ ਹਿਸਟਰੀ:
5 ਸੂਬਿਆਂ 'ਚ 36 ਮਾਮਲੇ ਦਰਜ: ਗੈਂਗਸਟਰ ਲਾਰੈਂਸ ਨੇ ਅਪ੍ਰੈਲ 2010 'ਚ ਕ੍ਰਾਈਮ ਦੀ ਦੁਨੀਆ 'ਚ ਪ੍ਰਵੇਸ਼ ਕੀਤਾ ਸੀ। ਇਸ ਤੋਂ ਬਾਅਦ ਉਹ ਤੇਜ਼ੀ ਨਾਲ ਕ੍ਰਾਈਮ ਕਰਨ ਲੱਗਾ। ਸਿਰਫ 12 ਸਾਲਾਂ 'ਚ ਲਾਰੈਂਸ ਖਿਲਾਫ 5 ਸੂਬਿਆਂ 'ਚ 36 ਮਾਮਲੇ ਦਰਜ ਕੀਤੇ ਗਏ। ਇਨ੍ਹਾਂ 'ਚੋਂ 9 ਮਾਮਲਿਆਂ 'ਚ ਉਹ ਬਰੀ ਹੋ ਚੁੱਕਾ ਹੈ। 6 ਮਾਮਲਿਆਂ 'ਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਅਦਾਲਤ ਵਿੱਚ 21 ਕੇਸਾਂ ਦੀ ਸੁਣਵਾਈ ਚੱਲ ਰਹੀ ਹੈ। ਇੱਕ ਤੋਂ ਬਾਅਦ ਇੱਕ ਕੇਸ ਦਰਜ ਹੋਣ ਤੋਂ ਬਾਅਦ ਲਾਰੈਂਸ ਦਾ ਪੰਜਾਬ, ਹਰਿਆਣਾ, ਰਾਜਸਥਾਨ, ਚੰਡੀਗੜ੍ਹ ਅਤੇ ਦਿੱਲੀ ਵਿੱਚ ਡਰ ਫੈਲ ਗਿਆ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਤਿਹਾੜ ਜੇਲ੍ਹ ਵਿੱਚ ਬੰਦ ਲਾਰੈਂਸ ਨੂੰ ਪੰਜਾਬ ਪੁਲੀਸ ਪੁੱਛਗਿੱਛ ਲਈ ਪੰਜਾਬ ਲੈ ਕੇ ਆਈ ਹੈ। ਜਿਸ ਲਈ ਲਾਰੈਂਸ ਦਾ ਡੋਜ਼ੀਅਰ ਵੀ ਤਿਆਰ ਕੀਤਾ ਗਿਆ ਸੀ।
ਪੰਜਾਬ ਵਿੱਚ ਸਭ ਤੋਂ ਵੱਧ 17 ਮਾਮਲੇ: ਲਾਰੈਂਸ ਖ਼ਿਲਾਫ਼ 2010 ਵਿੱਚ ਚੰਡੀਗੜ੍ਹ ਅਤੇ ਮੁਹਾਲੀ ਵਿੱਚ 3 ਅਪਰਾਧਿਕ ਮਾਮਲੇ ਦਰਜ ਹੋਏ ਸਨ। ਇਹ ਕੇਸ ਗੈਰ-ਕਾਨੂੰਨੀ ਹਥਿਆਰਾਂ ਅਤੇ ਕਤਲ ਦੀ ਕੋਸ਼ਿਸ਼ ਦੇ ਸਨ। ਲਾਰੈਂਸ ਨੂੰ ਅਪ੍ਰੈਲ 2010 ਵਿੱਚ ਚੰਡੀਗੜ੍ਹ ਵਿੱਚ ਦਰਜ ਦੋ ਕੇਸਾਂ ਵਿੱਚੋਂ ਬਰੀ ਕਰ ਦਿੱਤਾ ਗਿਆ ਸੀ। ਉਸ ਨੂੰ ਅਕਤੂਬਰ 2010 ਵਿੱਚ ਮੋਹਾਲੀ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਪੰਜਾਬ ਵਿੱਚ ਲਾਰੈਂਸ ਖ਼ਿਲਾਫ਼ ਸਭ ਤੋਂ ਵੱਧ 17 ਕੇਸ ਦਰਜ ਹਨ। ਜਿਨ੍ਹਾਂ ਵਿੱਚ 6 ਕੇਸ ਫਾਜ਼ਿਲਕਾ ਵਿੱਚ ਹਨ। ਲਾਰੈਂਸ ਫਾਜ਼ਿਲਕਾ ਦੇ ਪਿੰਡ ਦੁਤਰਾਵਾਲੀ ਦਾ ਰਹਿਣ ਵਾਲਾ ਹੈ। ਮੁਹਾਲੀ ਵਿੱਚ ਲਾਰੈਂਸ ਖ਼ਿਲਾਫ਼ 7, ਫਰੀਦਕੋਟ ਵਿੱਚ 2, ਅੰਮ੍ਰਿਤਸਰ ਅਤੇ ਮੁਕਤਸਰ ਵਿੱਚ 1-1 ਕੇਸ ਦਰਜ ਹਨ।
ਚੰਡੀਗੜ੍ਹ ਅਤੇ ਰਾਜਸਥਾਨ ਵਿੱਚ ਵੀ ਅਪਰਾਧ: ਗੈਂਗਸਟਰ ਲਾਰੈਂਸ ਖ਼ਿਲਾਫ਼ ਚੰਡੀਗੜ੍ਹ ਵਿੱਚ 7 ਕੇਸ ਦਰਜ ਹਨ। ਲਾਰੈਂਸ ਚੰਡੀਗੜ੍ਹ ਵਿੱਚ ਪੰਜਾਬ ਯੂਨੀਵਰਸਿਟੀ ਦੀ ਸਟੂਡੈਂਟਸ ਯੂਨੀਅਨ (SOPU) ਦੇ ਮੁਖੀ ਵੀ ਰਹਿ ਚੁੱਕੇ ਹਨ। ਇਸ ਦੇ ਨਾਲ ਹੀ ਲਾਰੈਂਸ ਖਿਲਾਫ ਰਾਜਸਥਾਨ 'ਚ 6, ਦਿੱਲੀ 'ਚ 4 ਅਤੇ ਹਰਿਆਣਾ 'ਚ 2 ਮਾਮਲੇ ਦਰਜ ਹਨ। ਉਸ ਖ਼ਿਲਾਫ਼ ਕਤਲ, ਕੰਟਰੈਕਟ ਕਿਲਿੰਗ, ਡਕੈਤੀ, ਫਿਰੌਤੀ ਅਤੇ ਲੁੱਟ-ਖੋਹ ਵਰਗੇ ਗੰਭੀਰ ਮਾਮਲੇ ਦਰਜ ਹਨ। 10 ਸਤੰਬਰ 2021 ਨੂੰ ਜੈਪੁਰ ਪੁਲਿਸ ਨੇ ਲਾਰੈਂਸ ਦੇ ਖਿਲਾਫ ਫਿਰੌਤੀ ਅਤੇ ਧਮਕੀਆਂ ਦਾ ਮਾਮਲਾ ਦਰਜ ਕੀਤਾ ਸੀ।
ਲਾਰੈਂਸ ਦੇ ਕਰੀਬੀ ਨੇ ਇਹ ਗੈਂਗਸਟਰ: ਲਾਰੈਂਸ ਤਿਹਾੜ ਜੇਲ੍ਹ ਵਿੱਚ ਬੰਦ ਹੈ। ਇਸ ਵਾਰਦਾਤ ਨੂੰ ਅੰਜਾਮ ਦੇਣ ਵਿਚ ਉਸ ਦੇ ਕਈ ਕਰੀਬੀ ਗੈਂਗਸਟਰ ਉਸ ਦੇ ਨਾਲ ਹਨ। ਇਨ੍ਹਾਂ ਵਿੱਚੋਂ ਸਭ ਤੋਂ ਨਜ਼ਦੀਕੀ ਕੈਨੇਡਾ ਵਾਸੀ ਗੋਲਡੀ ਬਰਾੜ ਹੈ। ਤਿਹਾੜ ਜੇਲ੍ਹ ਵਿੱਚ ਬੰਦ ਸੰਪਤ ਨਹਿਰਾ, ਕਾਲੀ ਰਾਜਪੂਤ, ਕਾਲਾ ਜਥੇਦਾਰੀ ਵੀ ਉਸ ਦੇ ਕਰੀਬੀ ਹਨ। ਇਨ੍ਹਾਂ ਤੋਂ ਇਲਾਵਾ ਦੀਪਕ ਟੀਨੂੰ, ਰਾਜੂ ਬਸੋਦੀ ਵੀ ਉਸ ਦੇ ਸਾਥੀ ਹਨ।
ਲਾਰੈਂਸ ਦੀ ਗੱਲ ਨਹੀਂ ਕਰਦੇ ਪਿੰਡ ਦੇ ਲੋਕ: ਲਾਰੈਂਸ ਦਾ ਪਿੰਡ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਦੁਤਰਾਂਵਾਲੀ ਹੈ। ਲਾਰੈਂਸ ਦੇ ਅਪਰਾਧੀ ਬਣਨ ਤੋਂ ਬਾਅਦ ਪਿੰਡ ਦੇ ਲੋਕ ਉਸ ਬਾਰੇ ਜ਼ਿਆਦਾ ਗੱਲ ਨਹੀਂ ਕਰਦੀ। ਕੈਮਰੇ ਦੇ ਸਾਹਮਣੇ ਲੋਕ ਲਾਰੈਂਸ ਨੂੰ ਚੰਗਾ ਹੀ ਦੱਸਦੇ ਹਨ। ਉਸ ਦੇ ਘਰ ਦਾ ਪਤਾ ਤੱਕ ਕੋਈ ਨਹੀਂ ਦੱਸਦਾ। ਆਲੇ-ਦੁਆਲੇ ਦੇ ਲੋਕ ਗੱਲ ਕਰਨ ਤੋਂ ਵੀ ਡਰਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਉਹ ਚੰਡੀਗੜ੍ਹ ਪੜ੍ਹਦਾ ਸੀ, ਇਸ ਲਈ ਉਹ ਉਸ ਬਾਰੇ ਜ਼ਿਆਦਾ ਨਹੀਂ ਜਾਣਦੇ।
ਗੋਲਡੀ ਬਰਾੜ ਦੀ ਕ੍ਰਾਈਮ ਹਿਸਟਰੀ:
ਗੋਲਡੀ ਬਰਾੜ ਖਿਲਾਫ 8 ਕੇਸ ਦਰਜ: ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਜ਼ਿੰਮੇਵਾਰੀ ਲੈਣ ਵਾਲੇ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਖ਼ਿਲਾਫ਼ 8 ਕੇਸ ਦਰਜ ਹਨ। ਨਵੰਬਰ 2020 ਵਿੱਚ ਗੋਲਡੀ ਖ਼ਿਲਾਫ਼ ਫਰੀਦਕੋਟ ਵਿੱਚ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਗਿਆ ਸੀ। ਉਸ ਖਿਲਾਫ 18 ਨਵੰਬਰ 2021 ਨੂੰ ਫਰੀਦਕੋਟ ਦੇ ਕਾਂਗਰਸੀ ਆਗੂ ਗੁਰਲਾਲ ਸਿੰਘ ਪਹਿਲਵਾਨ ਦੇ ਕਤਲ ਦਾ ਵੀ ਮਾਮਲਾ ਦਰਜ ਹੈ। ਗੋਲਡੀ ਬਰਾੜ 'ਤੇ ਹਥਿਆਰ ਸਪਲਾਈ ਕਰਨ ਅਤੇ ਫਿਰੌਤੀ ਮੰਗਣ ਦਾ ਮਾਮਲਾ ਦਰਜ ਹੈ। ਗੋਲਡੀ ਬਰਾੜ 2017 'ਚ ਵਿਦਿਆਰਥੀ ਵੀਜ਼ੇ 'ਤੇ ਕੈਨੇਡਾ ਗਿਆ ਸੀ। ਹਾਲ ਹੀ 'ਚ ਪੰਜਾਬ ਪੁਲਿਸ ਦੀ ਸਿਫ਼ਾਰਿਸ਼ 'ਤੇ ਸੀਬੀਆਈ ਨੇ ਉਸਦਾ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ:ਪੰਜਾਬ ਪੁਲਿਸ ਦੇ ਸ਼ਿਕੰਜ਼ੇ ’ਚ ਲਾਰੈਂਸ ਬਿਸ਼ਨੋਈ, ਸੱਤ ਦਿਨ ਦਾ ਮਿਲਿਆ ਰਿਮਾਂਡ