ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੀਆਂ ਚਾਰ ਸੀਟਾਂ- ਦਾਖਾ, ਮੁਕੇਰੀਆਂ, ਜਲਾਲਾਬਾਦ ਅਤੇ ਫਗਵਾੜਾ 'ਤੇ ਹੋ ਰਹੀਆਂ ਜ਼ਿਮਨੀ ਚੋਣਾਂ ਲਈ ਸਾਰੀਆਂ ਪਾਰਟੀਆਂ ਨੇ ਆਪੋ ਆਪਣੇ ਉਮੀਦਵਾਰ ਐਲਾਨ ਦਿੱਤੇ ਹਨ। 4 ਹਲਕਿਆਂ ‘ਚ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਲਈ ਅੱਜ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦਾ ਆਖਰੀ ਦਿਨ ਹੈ। ਜਿਸ ਦੌਰਾਨ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਅੱਜ ਨਾਮਜ਼ਦਗੀ ਪੱਤਰ ਭਰੇ ਜਾਣਗੇ। 21 ਅਕਤੂਬਰ ਨੂੰ ਹੋਣ ਵਾਲੀਆਂ ਇਨ੍ਹਾਂ ਚੋਣਾਂ ਦੇ ਨਤੀਜੇ 24 ਅਕਤੂਬਰ ਨੂੰ ਐਲਾਨੇ ਜਾਣਗੇ।
ਕਾਂਗਰਸ
ਕਾਂਗਰਸ ਦੀ ਗੱਲ ਕਰੀਏ ਤਾਂ ਪਾਰਟੀ ਨੇ ਚੋਣਾਂ ਲਈ ਹਲਕਾ ਦਾਖਾ ਤੋਂ ਸੰਦੀਪ ਸੰਧੂ, ਜਲਾਲਾਬਾਦ ਤੋਂ ਰਾਮ ਆਵਲਾ, ਮੁਕੇਰੀਆਂ ਤੋਂ ਇੰਦੂ ਬਾਲਾ ਤੇ ਫਗਵਾੜਾ ਤੋਂ ਬਲਵਿੰਦਰ ਸਿੰਘ ਧਾਲੀਵਾਲ ਨੂੰ ਚੋਣ ਉਮੀਦਵਾਰ ਐਲਾਨਿਆ ਗਿਆ ਹੈ। ਆਈਏਐਸ ਅਫ਼ਸਰ ਬਲਵਿੰਦਰ ਸਿੰਘ ਧਾਲੀਵਾਲ ਫਗਵਾੜਾ ਤੋਂ ਜ਼ਿਮਨੀ ਚੋਣ ਲੜਨ ਲਈ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ
ਅਕਾਲੀ ਦਲ ਵੱਲੋਂ ਮਨਪ੍ਰੀਤ ਸਿੰਘ ਇਯਾਲੀ ਨੂੰ ਹਲਕਾ ਦਾਖਾ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਇਯਾਲੀ ਪਹਿਲਾਂ ਵੀ ਹਲਕਾ ਦਾਖਾ ਤੋਂ ਚੋਣ ਲੜ ਚੁੱਕੇ ਹਨ। ਜਲਾਲਾਬਾਦ ਤੋਂ ਅਕਾਲੀ ਦਲ ਵੱਲੋਂ ਡਾ. ਰਾਜ ਸਿੰਘ ਡਿੱਬੀਪੁਰਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਅਕਾਲੀ ਦਲ ਦੀ ਭਾਈਵਾਲ ਪਾਰਟੀ ਭਾਜਪਾ ਨੇ ਵੀ ਆਪਣੇ ਹਿੱਸੇ ਦੀਆਂ 2 ਸੀਟਾਂ 'ਤੇ ਉਮੀਦਵਾਰ ਐਲਾਨ ਦਿੱਤੇ ਹਨ। ਫਗਵਾੜਾ ਤੋਂ ਰਾਜੇਸ਼ ਬੱਗਾ ਤੇ ਮੁਕੇਰੀਆਂ ਤੋਂ ਜੰਗੀ ਲਾਲ ਮਹਾਜਨ ਪਾਰਟੀ ਉਮੀਦਵਾਰ ਹੋਣਗੇ। ਦੋਵਾਂ ਸੀਟਾਂ 'ਤੇ ਪਾਰਟੀ ਨੇ ਕਾਂਗਰਸ ਦੀ ਹੀ ਤਰਜ਼ 'ਤੇ ਨਵੇਂ ਚਿਹਰਿਆਂ ਨੂੰ ਤਰਜੀਹ ਦਿੱਤੀ ਹੈ।
ਆਮ ਆਦਮੀ ਪਾਰਟੀ
ਆਮ ਆਦਮੀ ਪਾਰਟੀ ਵੱਲੋਂ ਦਾਖਾ ਤੋਂ ਅਮਨਦੀਪ ਸਿੰਘ ਮੋਹੀ, ਮੁਕੇਰੀਆਂ ਤੋਂ ਗੁਰਧਿਆਨ ਸਿੰਘ ਮੁਲਤਾਨੀ, ਫਗਵਾੜਾ ਤੋਂ ਸੰਤੋਸ਼ ਕੁਮਾਰ ਭੋਗੀ ਤੇ ਜਲਾਲਾਬਾਦ ਤੋਂ ਮਹਿੰਦਰ ਸਿੰਘ ਕਚੂਰਾ ਜ਼ਿਮਨੀ ਚੋਣ ਲੜਨਗੇ। ਪ੍ਰਚਾਰ ਲਈ ਇੱਕ ਹਲਕੇ ਵਿੱਚ ਤਿੰਨ ਵਿਧਾਇਕ ਤਾਇਨਾਤ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ ਬਸਪਾ ਤੇ ਲੋਕ ਇਨਸਾਫ਼ ਪਾਰਟੀ ਵੀ ਉਮੀਦਵਾਰਾਂ ਦਾ ਐਲਾਨ ਕਰ ਚੁੱਕੀਆਂ ਹਨ। ਲੋਕ ਇਨਸਾਫ ਪਾਰਟੀ ਵੱਲੋਂ ਲੁਧਿਆਣਾ ਦੇ ਦਾਖਾ ਤੋਂ ਸੁਖਦੇਵ ਸਿੰਘ ਚੱਕ ਤੇ ਫਗਵਾੜਾ ਤੋਂ ਜਰਨੈਲ ਸਿੰਘ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ। ਦੇਰੀ ਨਾਲ ਉਮੀਦਵਾਰ ਐਲਾਨਣ ਕਾਰਨ ਭਾਜਪਾ ਪ੍ਰਚਾਰ 'ਚ ਪੱਛੜ ਗਈ ਸੀ ਪਰ ਹੁਣ ਸਾਰੇ ਉਮੀਦਵਾਰਾਂ ਦਾ ਐਲਾਨ ਹੋਣ ਦੇ ਨਾਲ ਹੀ ਸੂਬੇ ਦਾ ਸਿਆਸੀ ਮਾਹੌਲ ਹੋਰ ਭੱਖ ਗਿਆ ਹੈ।