ਬਰਨਾਲਾ:ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਭਖ਼ਦੇ ਕਿਸਾਨੀ ਮਸਲਿਆਂ ਅਤੇ ਪੰਜਾਬ ਵਿਧਾਨ ਸਭਾ ਚੋਣਾਂ ਬਾਰੇ ਕਨਵੈਨਸ਼ਨ ਸਥਾਨਕ ਤਰਕਸ਼ੀਲ ਭਵਨ ਵਿਖੇ ਕਰਵਾਈ ਗਈ। ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚਾ ਦੀ 9 ਮੈਂਬਰੀ ਕਮੇਟੀ ਦੇ ਮੈਂਬਰ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਡਾ. ਦਰਸ਼ਨ ਪਾਲ ਨੇ ਕਿਹਾ ਕਿ ਕੁੱਝ ਕਿਸਾਨ ਆਗੂ ਇਸ ਭਰਮ ਵਿੱਚ ਹਨ ਕਿ ਸ਼ਾਇਦ ਪੰਜਾਬ ਵਿਧਾਨ ਸਭਾ ਚੋਣਾਂ ਲਡ਼ ਕੇ ਉਹ ਕਿਸਾਨ ਮਸਲਿਆਂ ਦਾ ਹੱਲ ਕੱਢ ਲੈਣਗੇ ਜਦਕਿ ਹਕੀਕਤ ਇਹ ਹੈ ਕਿ ਕਿਸਾਨ, ਮਜ਼ਦੂਰ ਮਸਲਿਆਂ ਦਾ ਹੱਲ ਚੋਣਾਂ ਲੜ ਕੇ ਨਹੀਂ ਬਲਕਿ ਹਕੂਮਤ ਖਿਲਾਫ ਤਿੱਖੇ ਸੰਘਰਸ਼ ਲਡ਼ ਕੇ ਕਰਵਾਇਆ ਜਾ ਸਕਦਾ ਹੈ।
ਯੂਨੀਅਨ ਚੋਣਾਂ ਤੋਂ ਦੂਰੀ ਬਣਾ ਕੇ ਰੱਖੇਗੀ
ਉਨ੍ਹਾਂ ਕਿਹਾ ਕਿ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਇਸ ਅਖੌਤੀ ਚੋਣ ਦੰਗਲ ਤੋਂ ਦੂਰੀ ਬਣਾ ਕੇ ਰੱਖੇਗੀ ਅਤੇ ਜਥੇਬੰਦੀ ਦੀ ਸਮਝ ਹੈ ਕਿ ਚੋਣਾਂ ਰਾਹੀਂ ਸਿਰਫ ਚਿਹਰੇ ਬਦਲਦੇ ਹਨ ਤੇ ਰਾਜਨੀਤਕ ਪਾਰਟੀਆਂ ਵੱਲੋਂ ‘ਉੱਤਰ ਕਾਟੋ, ਮੈਂ ਚੜ੍ਹਾਂ’ ਦੀ ਖੇਡ ਖੇਡਦਿਆਂ ਲੋਕ ਮਸਲਿਆਂ ਨੂੰ ਚੋਣਾਂ ਦੀ ਪ੍ਰਕਿਰਿਆ ਵਿੱਚ ਰੋਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਵਰਗੀਆਂ ਕਿਸਾਨ ਵਿਰੋਧੀ ਧਿਰਾਂ ਚੋਣਾਂ ਦੇ ਇਸ ਦੌਰ ਵਿੱਚ ਲੋਕਾਂ ਦੀ ਭਾਈਚਾਰਕ ਏਕਤਾ ਨੂੰ ਤੋਡ਼ਣ ਦਾ ਯਤਨ ਕਰ ਰਹੀਆਂ ਹਨ ਪਰ ਸੰਯੁਕਤ ਕਿਸਾਨ ਮੋਰਚਾ ਵੱਲੋਂ ਲੋਕਾਂ ਦੀ ਭਾਈਚਾਰਕ ਏਕਤਾ ਨੂੰ ਬਰਕਰਾਰ ਰੱਖਦਿਆਂ ਹਕੂਮਤ ਖਿਲਾਫ਼ ਬਕਾਇਆ ਕਿਸਾਨ ਮੰਗਾਂ ਲਈ ਸੰਘਰਸ਼ ਜਾਰੀ ਰੱਖਿਆ ਜਾਵੇਗਾ।
ਕਿਸਾਨ ਅੰਦੋਲਨ ’ਚ ਹਿੱਸੇਦਾਰੀ ਬਾਰੇ ਦੱਸਿਆ
ਉਨ੍ਹਾਂ ਖੇਤੀ ਕਾਨੂੰਨਾਂ ਖ਼ਿਲਾਫ ਲਡ਼ੇ ਗਏ ਮਿਸਾਲੀ ਸੰਘਰਸ਼ ਦੌਰਾਨ ਯੂਨੀਅਨ ਦੀ ਭੂਮਿਕਾ ਬਾਰੇ ਵੀ ਚਾਨਣਾ ਪਾਇਆ। ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਹਰਭਜਨ ਸਿੰਘ ਬੁੱਟਰ ਨੇ ਕਿਹਾ ਕਿ ਚੋਣਾਂ ਲਡ਼ ਰਹੀਆਂ ਰਾਜਨੀਤਕ ਪਾਰਟੀਆਂ ਲੋਕਾਂ ਨੂੰ ਝੂਠੇ ਲਾਰੇ ਅਤੇ ਫੋਕੇ ਵਾਅਦੇ ਕਰਕੇ ਵੋਟਾਂ ਵਟੋਰ ਲੈਂਦੀਆਂ ਹਨ ਤੇ ਬਾਅਦ ਵਿੱਚ ਚੋਣ ਵਾਅਦੇ ਪੂਰੇ ਕਰਨ ਤੋਂ ਟਾਲਾ ਵੱਟ ਲੈਂਦੀਆਂ ਹਨ। ਇਸ ਲਈ ਪਿੰਡਾਂ ਦੀਆਂ ਸੱਥਾਂ ਵਿੱਚ ਵੋਟਾਂ ਮੰਗਣ ਆਉਣ ਵਾਲੇ ਲੀਡਰਾਂ ਨੂੰ ਸਵਾਲ ਪੁੱਛਣੇ ਚਾਹੀਦੇ ਹਨ।