ਚੰਡੀਗੜ੍ਹ: ਪੰਜਾਬ ’ਚ ਲੰਪੀ ਸਕਿਨ ਬੀਮਾਰੀ ਦੇ ਕਾਰਨ ਅਲਰਟ ਜਾਰੀ ਹੋ ਗਿਆ ਹੈ। ਦੱਸ ਦਈਏ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਕਈ ਗਾਵਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਕਈ ਗਾਵਾਂ ਇਸ ਬੀਮਾਰੀ ਦਾ ਸ਼ਿਕਾਰ ਹੋਈਆਂ ਪਈਆਂ ਹਨ ਜਿਸ ਕਾਰਨ ਕਿਸਾਨ ਪਰੇਸ਼ਾਨ ਹੋਏ ਪਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਮੀਂਹ ਕਾਰਨ ਉਨ੍ਹਾਂ ਦਾ ਝੋਨਾ ਬਰਬਾਦ ਹੋ ਗਿਆ ਅਤੇ ਹੁਣ ਉਨ੍ਹਾਂ ਦੇ ਪਸ਼ੂ ਦੀ ਬੀਮਾਰੀ ਨਾਲ ਮੌਤ ਹੋ ਰਹੀ ਹੈ।
ਕੈਬਨਿਟ ਮੰਤਰੀ ਨੇ ਕੀਤਾ ਸੀ ਦੌਰਾ:ਦੱਸ ਦਈਏ ਕਿ ਬੀਤੇ ਦਿਨ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਪਸ਼ੂ ਪਾਲਣ ਡਾਇਰੈਕਟਰ ਪੰਜਾਬ ਸੁਭਾਸ਼ ਚੰਦਰ ਗੋਇਲ ਤੇ ਵੈਟਰਨਰੀ ਇੰਸਪੈਕਟਰਾਂ ਨੇ ਗਾਵਾਂ ਦੇ ਮਾਲਕਾਂ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੇ ਪੀੜਤ ਗਾਵਾਂ ਦੇ ਮਾਲਕਾਂ ਦੀ ਮੁਸ਼ਕਿਲਾਂ ਸੁਣੀਆਂ ਤੇ ਲੋੜੀਂਦੀ ਵੈਕਸੀਨ ਵੀ ਦਿੱਤੀ ਗਈ। ਨਾਲ ਹੀ ਉਨ੍ਹਾਂ ਨੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਵਾਹਿਗੁਰੂ ਜੀ ਕਿਰਪਾ ਕਰਨ ਇਸ ਬੀਮਾਰੀ ਤੋਂ ਨਿਜਾਤ ਮਿਲੇ ਪਰ ਜੇ ਕਿਸੇ ਜਾਨਵਰ ਦੀ ਮੌਤ ਹੁੰਦੀ ਹੈ ਤਾਂ ਉਸ ਨੂੰ ਖੁੱਲੇ ਵਿੱਚ ਨਾ ਸੁੱਟਿਆ ਜਾਵੇ ਟੋਆ ਪੁੱਟ ਕੇ ਮਰੇ ਜਾਨਵਰ ਨੂੰ ਦਬਾ ਦਿੱਤਾ ਜਾਵੇ ਤਾਂ ਜੋ ਇਹ ਬੀਮਾਰੀ ਹੋਰ ਨਾ ਅੱਗੇ ਕਿਸੇ ਜਾਨਵਰ ਨੂੰ ਆਪਣੀ ਲਪੇਟ ਵਿੱਚ ਲਏ।
ਸਰਕਾਰ ਵੱਲੋਂ ਕੀਤੀ ਜਾਵੇਗੀ ਮਦਦ:ਕੈਬਿਨਟ ਮੰਤਰੀ ਭੁੱਲਰ ਨੇ ਦੱਸਿਆ ਕਿ ਮਾਨ ਸਰਕਾਰ ਵੱਲੋਂ ਹਿਦਾਇਤ ਦਿੱਤੀ ਗਈ ਹੈ ਕਿ ਗਾਵਾਂ ਤੇ ਮੱਝਾਂ ਦੇ ਹਰੇਕ ਫ਼ਾਰਮ ਤੇ ਫੀਲਡ ਵਿੱਚ ਜਾ ਕੇ ਇਲਾਜ ਕੀਤਾ ਜਾਵੇ ਤੇ ਲੋੜੀਂਦੀ ਵੈਕਸੀਨ ਵੀ ਦਿੱਤੀ ਜਾਵੇ। ਇਸ ਤੋਂ ਇਲਾਵਾ ਸਰਕਾਰ ਵੱਲੋਂ ਜ਼ਿਲ੍ਹਾਂ ਜੋ ਸਰਹੱਦੀ ਹੈ ਉਸ ਨੂੰ 5 ਲੱਖ ਅਤੇ ਦੂਜੇ ਜ਼ਿਲ੍ਹੇ ਨੂੰ 3 ਲੱਖ ਦੀ ਰਾਸ਼ੀ 23 ਜ਼ਿਲ੍ਹਿਆਂ ਵਿੱਚ ਕੁੱਲ 76 ਲੱਖ ਰੁਪਏ ਜਾਰੀ ਕਰ ਦਿੱਤੇ ਗਏ ਹਨ ਜਿਸ ਨੂੰ ਲੋੜ ਮੁਤਾਬਕ ਹੋਰ ਰਾਸ਼ੀ ਵੀ ਦਿੱਤੀ ਜਾਵੇਗੀ।