ਚੰਡੀਗੜ੍ਹ: ਅਤਿ-ਆਧੁਨਿਕ ਮਸ਼ੀਨ ਰਾਹੀਂ ਬਾਇਉਡੀਗ੍ਰੇਡੇਬਲ ਕੂੜੇ ਤੋਂ ਰੋਜ਼ਾਨਾ ਜੈਵਿਕ ਖਾਦ ਤਿਆਰ ਕਰਨ ਤੇ ਕੂੜੇ ਤੋਂ ਆਮਦਨੀ ਦਾ ਜ਼ਰੀਆ ਪੈਦਾ ਕਰਨ ਵਾਲੀ ਖਰੜ ਨਗਰ ਕੌਂਸਲ ਪੰਜਾਬ ਵਿੱਚ ਸਭ ਤੋਂ ਪਹਿਲੀ ਕੌਂਸਲ ਬਣ ਗਈ ਹੈ।
ਇਸ ਬਾਰੇ ਐਸ.ਏ.ਐਸ. ਨਗਰ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਸ਼ਹਿਰ ਵਿੱਚੋਂ ਪ੍ਰਾਪਤ ਸਬਜ਼ੀਆਂ-ਫਲਾਂ ਆਦਿ ਦੀ ਰਹਿੰਦ-ਖੂੰਹਦ ਤੋਂ ਮਕੈਨੀਕਲ ਮਸ਼ੀਨ ਰਾਹੀਂ ਤਿਆਰ ਖਾਦ ਦਾ ਭੰਡਾਰ ਬਾਗ਼ਾਂ, ਨਰਸਰੀਆਂ ਅਤੇ ਪਾਰਕਾਂ ਲਈ ਵਿੱਚ ਵਰਤੋਂ ਲਈ ਤਿਆਰ-ਬਰ-ਤਿਆਰ ਹੈ।
ਉਨਾਂ ਦੱਸਿਆ ਕਿ ਖਰੜ ਨਗਰ ਕੌਂਸਲ ਨੇ ਸੋਲਿਡ ਵੇਸਟ ਮਨੈਜਮੈਂਟ ਤਹਿਤ ਅਤਿ-ਆਧੁਨਿਕ ਢੰਗ ਨਾਲ ਸ਼ਹਿਰ ਵਿੱਚ ਡਿਸੈਂਟਰਲਾਈਜ਼ ਢੰਗ ਨਾਲ ਸਿਵਲ ਹਸਪਤਾਲ ਰੋਡ, ਖਰੜ ਨੇੜੇ ਪਾਇਲਟ ਪ੍ਰਾਜੈਕਟ ਅਧੀਨ ਪ੍ਰੋਸੈਸਿੰਗ ਪਲਾਂਟ ਸਥਾਪਤ ਕੀਤਾ ਹੈ, ਜਿਥੇ ਬਾਇਉਡੀਗ੍ਰੇਡੇਬਲ ਕੂੜੇ ਤਂ ਰੋਜ਼ਾਨਾ ਜੈਵਿਕ ਖਾਦ ਤਿਆਰ ਕੀਤੀ ਜਾ ਰਹੀ ਹੈ
11 ਨਵੰਬਰ ਤੋਂ ਸ਼ੁਰੂ ਹੋਏ ਇਸ ਪਲਾਂਟ ਵਿੱਚ ਹੁਣ ਤੱਕ ਕਰੀਬ ਇੱਕ ਟਨ ਜੈਵਿਕ ਖਾਦ ਤਿਆਰ ਕਰ ਲਈ ਗਈ ਹੈ। ਉਨਾਂ ਦੱਸਿਆ ਕਿ ਇਹ ਖਾਦ ਕੌਂਸਲ ਲਈ ਆਮਦਨ ਦਾ ਬਹੁਤ ਵਧੀਆ ਜ਼ਰੀਆ ਸਾਬਤ ਹੋਵੇਗੀ। ਇਸ ਤੋਂ ਇਲਾਵਾ ਪ੍ਰਾਜੈਕਟ ਸਬੰਧੀ ਜਾਣਕਾਰੀ ਦਿੰਦਿਆਂ ਕੌਂਸਲ ਦੇ ਕਾਰਜਸਾਧਕ ਅਫ਼ਸਰ ਕੁਲਬੀਰ ਸਿੰਘ ਬਰਾੜ ਨੇ ਦੱਸਿਆ ਕਿ ਇਸ ਪਲਾਂਟ ਵਿੱਚ ਤਿਆਰ ਕੀਤੀ ਜੈਵਿਕ ਖਾਦ ਦੀ ਉੱਚ ਅਧਿਕਾਰੀਆਂ, ਨੁਮਾਇੰਦਿਆਂ ਅਤੇ ਸ਼ਹਿਰ ਵਾਸੀਆਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।
ਉਨਾਂ ਦੱਸਿਆ ਕਿ ਇਸ ਪਲਾਂਟ ਵਿਚਲੀ ਮਸ਼ੀਨ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਤੋਂ ਰੋਜ਼ਾਨਾ ਚਲਾਇਆ ਜਾ ਰਿਹਾ ਹੈ ਅਤੇ ਮਸ਼ੀਨ ਸ਼ਹਿਰ ਦੇ ਗਿੱਲੇ ਕੂੜੇ ਤੋਂ ਖਾਦ ਤਿਆਰ ਕਰਨ ਦਾ ਕਾਰਗਰ ਢੰਗ ਸਾਬਤ ਹੋ ਰਹੀ ਹੈ।