ਚੰਡੀਗੜ੍ਹ: ਕਾਂਗਰਸ ਦੇ ਆਪਸੀ ਕਲੇਸ਼ ਦੇ ਚੱਲਦਿਆਂ ਸੁਖਪਾਲ ਖਹਿਰਾ ਨੇ ਦੁਬਾਰਾ ਕਾਂਗਰਸ ਪਾਰਟੀ ਜੁਆਇੰਨ ਕਰ ਲਈ ਹੈ। ਦਿੱਲੀ ’ਚ 3 ਮੈਂਬਰੀ ਕਮੇਟੀ ਨੂੰ ਮਿਲਣ ਲਈ ਜਾਣ ਤੋਂ ਪਹਿਲਾਂ ਸੁਖਪਾਲ ਸਿੰਘ ਖਹਿਰਾ ਅਤੇ ਆਮ ਆਦਮੀ ਪਾਰਟੀ ਤੋਂ ਬਾਗੀ ਵਿਧਾਇਕ ਨਿਰਮਲ ਸਿੰਘ ਖ਼ਾਲਸਾ ਅਤੇ ਜਗਦੇਵ ਸਿੰਘ ਕਮਾਲੂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ’ਚ ਸ਼ਾਮਲ ਕਰਵਾਇਆ। ਇਸ ਮੌਕੇ ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਵੀ ਖ਼ਾਸ ਤੌਰ ’ਤੇ ਮੌਜੂਦ ਰਹੇ।
ਵਿਰੋਧੀ ਧਿਰ ਦੇ ਆਗੂ ਰਹਿੰਦਿਆ ਖਹਿਰਾ ਕੈਪਟਨ ’ਤੇ ਲਗਾ ਚੁੱਕੇ ਹਨ ਭ੍ਰਿਸ਼ਟਾਚਾਰ ਦੇ ਆਰੋਪ
ਆਮ ਆਦਮੀ ਪਾਰਟੀ ਵੱਲੋਂ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਭੁਲੱਥ ਹਲਕੇ ਤੋਂ ਵਿਧਾਨ ਸਭਾ ਸੀਟ ਜਿੱਤ ਸੁਖਪਾਲ ਖਹਿਰਾ ਵਿਰੋਧੀ ਧਿਰ ਦੇ ਆਗੂ ਚੁਣੇ ਗਏ ਸਨ। ਇਸ ਦੌਰਾਨ ਉਨ੍ਹਾਂ ਕਾਂਗਰਸ ਪਾਰਟੀ ’ਤੇ ਭ੍ਰਿਸ਼ਟਾਚਾਰ ਦੇ ਵੱਡੇ ਆਰੋਪ ਲਗਾਏ ਸਨ। ਇਨ੍ਹਾਂ ਹੀ ਨਹੀਂ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਮਾੜ੍ਹੀ ਸ਼ਬਦਾਵਲੀ ਦੀ ਵੀ ਵਰਤੋਂ ਕੀਤੀ ਸੀ। ਅੱਜ ਉਹ ਕਾਂਗਰਸ ਪਾਰਟੀ ’ਚ ਸ਼ਾਮਲ ਹੋਣ ਮੌਕੇ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ’ਤੇ ਨਿਸ਼ਾਨੇ ਸਾਧਦੇ ਨਜ਼ਰ ਆਏ।
ਮੀਡੀਆ ਸਾਹਮਣੇ ਅਜੀਬੋ ਗਰੀਬ ਤਰਕ ਦਿੰਦਿਆ ਖਹਿਰਾ ਨੇ ਕਿਹਾ ਕਿ ਜੇਕਰ ਪੰਜਾਬ ਦੀ ਸਿਆਸਤ ’ਚ ਬਰਕਰਾਰ ਰਹਿਣਾ ਚਾਹੁੰਦੇ ਹੋ ਤਾਂ ਵੱਡੇ ਪਲੇਟਫਾਰਮ ਦੀ ਜ਼ਰੂਰਤ ਹੁੰਦੀ ਹੈ। ਇਸ ਦੌਰਾਨ ਉਨ੍ਹਾਂ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਨੂੰ ਆਪਣੀ ਵੱਡੀ ਭੁੱਲ ਦੱਸਦਿਆਂ ਕਿਹਾ ਕਿ ਉਨ੍ਹਾਂ ਤੋਂ ਬਹੁਤ ਵੱਡਾ ਬਲੰਡਰ ਹੋ ਗਿਆ ਸੀ। ਸੁਖਪਾਲ ਖਹਿਰਾ ਨੇ ਆਪਣੇ ਆਪ ਨੂੰ ਪਾਕ ਸਾਫ਼ ਦੱਸਦਿਆਂ ਕਿਹਾ ਕਿ ਪੰਜਾਬ ’ਚ ਸਾਰੇ ਫ਼ੈਸਲੇ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਮੁੱਖ ਮੰਤਰੀ ਕਰਦੇ ਹਨ। ਇਸ ਮੌਕੇ ਉਨ੍ਹਾਂ ਆਪ ਪਾਰਟੀ ’ਚ ਰਹਿੰਦਿਆਂ ਕੈਪਟਨ ਅਮਰਿੰਦਰ ਸਿੰਘ ’ਤੇ ਲਗਾਏ ਦੋਸ਼ਾਂ ਦੇ ਮੁੱਦੇ ’ਤੇ ਜਵਾਬ ਦਿੰਦਿਆ ਕਿਹਾ ਕਿ ਉਹ ਉਸ ਸਮੇਂ ਵਿਰੋਧੀ ਧਿਰ ਦੇ ਆਗੂ ਸਨ ਅਤੇ ਉਨ੍ਹਾਂ ਆਪਣਾ ਫਰਜ਼ ਨਿਭਾਉਂਦਿਆ ਇਹ ਆਰੋਪ ਲਗਾਏ ਸਨ। ਪਰ ਇਸ ਦੌਰਾਨ ਉਨ੍ਹਾਂ ਇਹ ਨਹੀਂ ਦੱਸਿਆ ਕਿ ਹੁਣ ਜਦੋਂ ਉਹ ਕਾਂਗਰਸ ’ਚ ਸ਼ਾਮਲ ਹੋ ਗਏ ਹਨ ਤਾਂ ਕਿ ਕੈਪਟਨ ਅਮਰਿੰਦਰ ਸਿੰਘ ਦੀ ਛਵਿ ਸੁਧਰ ਚੁੱਕੀ ਹੈ।
ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਤੋਂ ਅਲੱਗ ਹੋਣ ਤੋਂ ਬਾਅਦ ਆਪਣੀ ਪੰਜਾਬ ਏਕਤਾ ਪਾਰਟੀ ਬਣਾਈ ਸੀ, ਜਿਸ ਵੱਲੋਂ ਉਹ ਲੋਕ ਸਭਾ ਚੋਣ ਵੀ ਲੜੇ ਸਨ ਤਾਂ ਉੱਥੇ ਹੀ ਕਾਂਗਰਸ ਪਾਰਟੀ ’ਚ ਸ਼ਾਮਲ ਹੋਣ ਦਾ ਫ਼ੈਸਲਾ ਉਨ੍ਹਾਂ 1 ਸਾਲ ਪਹਿਲਾਂ ਕੀਤਾ ਸੀ। ਉਨ੍ਹਾਂ ਇਸ ਮੌਕੇ ਛੋਟੇ ਛੋਟੇ ਰਾਜਨੀਤਿਕ ਦਲਾਂ ਨੂੰ ਮਿਲਕੇ ਵੱਡੇ ਪਲੇਟਫ਼ਾਰਮ ’ਤੇ ਇਕੱਠੇ ਹੋਣ ਦੀ ਅਪੀਲ ਵੀ ਕੀਤੀ ਸੀ, ਪਰ ਉਸ ਦੌਰਾਨ ਉਨ੍ਹਾਂ ਦੀ ਅਪੀਲ ’ਤੇ ਕਿਸੇ ਵੀ ਪਾਰਟੀ ਨੇ ਗੌਰ ਨਹੀਂ ਕੀਤਾ। ਜਿਸ ਕਾਰਨ ਉਨ੍ਹਾਂ ਚੋਣਾਂ ਨੇੜੇ ਆਉਣ ਮੌਕੇ ਕਾਂਗਰਸ ਦਾ ਪੱਲਾ ਫੜ੍ਹ ਲਿਆ ਅਤੇ ਉਨ੍ਹਾਂ ਦੇ ਵਿਧਾਨ ਸਭਾ ਹਲਕੇ ਦੇ ਲੋਕ ਖਹਿਰਾ ’ਤੇ ਕਾਂਗਰਸ ’ਚ ਸ਼ਾਮਲ ਹੋਣ ਲਈ ਦਬਾਓ ਪਾ ਰਹੇ ਸਨ।