ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਨੂੰ ਨਿੱਜੀ ਸੁਆਰਥਾਂ ਲਈ ਵਰਤਣ ਦੇ ਹੱਥਕੰਡੇ ਅਪਣਾਉਣ ਦੀ ਕੋਸ਼ਿਸ਼ ਲਈ ਅਰਵਿੰਦ ਕੇਜਰੀਵਾਲ ਨੂੰ ਕਰੜੇ ਹੱਥੀਂ ਲਿਆ ਹੈ ਜੋ ਆਪਣੇ ਕੋਰੇ ਝੂਠਾ ਅਤੇ ਕੂੜ ਪ੍ਰਚਾਰ ਜ਼ਰੀਏ ਪੰਜਾਬ ਵਿੱਚ ਆਪਣੀ ਪਾਰਟੀ ਦੇ ਹੋਛੇ ਚੋਣ ਏਜੰਡੇ ਨੂੰ ਅੱਗੇ ਵਧਾਉਣ ਦੀ ਤਾਕ ਵਿੱਚ ਹੈ।
'ਪੰਜਾਬ ਸਰਕਾਰ ਨੇ ਅਡਾਨੀ ਪਾਵਰ ਨਾਲ ਕੋਈ ਸਮਝੌਤਾ ਨਹੀਂ ਕੀਤਾ'
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਭਰਮਜਾਲ ਫੈਲਾਉਣ ਅਤੇ ਬਣਾਵਟੀ ਗੱਲਾਂ ਦੀ ਤਾਜ਼ਾ ਮੁਹਿੰਮ ਉਤੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਵਿੱਚ ਕੇਜਰੀਵਾਲ ਸਰਕਾਰ ਇਸ ਦੇ ਬਿਲਕੁਲ ਉਲਟ ਜਿੱਥੇ ਉਹ ਅੰਬਾਨੀਆਂ ਦੇ ਆਸਰੇ ਤਰੱਕੀ ਕਰ ਰਹੀ ਹੈ ਅਤੇ ਇੱਥੇ ਹੀ ਬੱਸ ਨਹੀਂ, ਸਗੋਂ ਕੇਜਰੀਵਾਲ ਸਰਕਾਰ ਤਾਂ ਰਿਲਾਇੰਸ ਵੱਲੋਂ ਚਲਾਈ ਜਾ ਰਹੀ ਕੰਪਨੀ ਬੀਐਸਈਐਸ ਅਧੀਨ ਦਿੱਲੀ ਵਿੱਚ ਬਿਜਲੀ ਖੇਤਰ ਵਿੱਚ ਕੀਤੇ ਸੁਧਾਰਾਂ ਨੂੰ ਸਭ ਤੋਂ ਵੱਡੀ ਪ੍ਰਾਪਤੀ ਹੋਣ ਦਾ ਢੋਲ ਵਜਾ ਰਹੀ ਹੈ। ਦੂਜੇ ਪਾਸੇ ਪੰਜਾਬ ਸਰਕਾਰ ਨੇ ਨਾ ਤਾਂ ਅਡਾਨੀ ਪਾਵਰ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਕੀਤਾ ਹੈ ਅਤੇ ਨਾ ਹੀ ਸੂਬੇ ਵਿੱਚ ਬਿਜਲੀ ਦੀ ਖਰੀਦ ਲਈ ਪ੍ਰਾਈਵੇਟ ਕੰਪਨੀਆਂ ਦੀ ਬੋਲੀ ਬਾਰੇ ਜਾਣਦੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਸਲ ਤੱਥ ਇਹ ਹੈ ਕਿ ਕੇਜਰੀਵਾਲ ਸਰਕਾਰ ਨੇ 23 ਨਵੰਬਰ ਨੂੰ ਉਸ ਵੇਲੇ ਕਾਲੇ ਖੇਤੀ ਕਾਨੂੰਨਾਂ ਵਿੱਚੋਂ ਇਕ ਕਾਨੂੰਨ ਬੇਸ਼ਰਮੀ ਨਾਲ ਨੋਟੀਫਾਈ ਕਰ ਦਿੱਤਾ, ਜਦੋਂ ਕਿਸਾਨ ਇਨ੍ਹਾਂ ਕਾਨੂੰਨਾਂ ਖਿਲਾਫ ਦਿੱਲੀ ਵੱਲ ਕੂਚ ਕਰਨ ਦੀਆਂ ਤਿਆਰੀਆਂ ਕਰ ਰਹੇ ਸਨ। ਉਨ੍ਹਾਂ ਨੇ ਚੁਟਕੀ ਲੈਂਦਿਆਂ ਕਿਹਾ ਕਿ ਹੁਣ ਕੇਜਰੀਵਾਲ ਸੋਮਵਾਰ ਤੋਂ ਕਿਸਾਨਾਂ ਦੀ ਭੁੱਖ ਹੜਤਾਲ ਦੇ ਸਮਰਥਨ ਵਿੱਚ ਉਪਵਾਸ ਦਾ ਐਲਾਨ ਕਰਕੇ ਨੋਟੰਕੀ ਕਰ ਰਿਹਾ ਹੈ।