ਚੰਡੀਗੜ੍ਹਹ: ਹਰਸਿਮਰਤ ਕੌਰ ਬਾਦਲ ਨੇ ਅੱਜ ਕੇਜਰੀਵਾਲ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਇਸ ਗੱਲੋਂ ਨਿਖੇਧੀ ਕੀਤੀ ਕਿ ਉਹਨਾਂ ਨੇ ਆਪਣੇ ਵੱਲੋਂ ਹੀ ਦੇਸ਼ ਵਿਚ ਸਭ ਤੋਂ ਪਹਿਲਾਂ ਲਾਗੂ ਕੀਤੇ ਖੇਤੀ ਕਾਨੂੰਨਾਂ ਦੀ ਕਾਪੀ ਪਾੜ ਕੇ ਆਪਣੀ ਘਟੀਆ ਨੌਟੰਕੀ ਕੀਤੀ।
ਕੇਜਰੀਵਾਲ ਵੱਲੋਂ ਕਿਸਾਨਾਂ ’ਤੇ ਤਰਸ ਖਾਣ ਬਾਰੇ ਆਖਦਿਆਂ ਹਰਸਿਮਰਤ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਨੂੰ ਅਚਨਚੇਤ ਪਤਾ ਲੱਗਾ ਕਿ ਕਿਸਾਨ ਕੜਾਕੇ ਦੀ ਠੰਢ ਵਿੱਚ ਬਾਹਰ ਖੁੱਲ੍ਹੇ ਵਿਚ ਬੈਠੇ ਹਨ ਅਤੇ 20 ਦੇ ਕਰੀਬ ਕਿਸਾਨਾਂ ਦੀ ਮੌਤ ਹੋ ਗਈ ਹੈ।
ਉਹਨਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਸਿਰਫ ਮਗਰਮੱਛ ਦੇ ਹੰਝੂ ਵਹਾ ਰਹੇ ਹਨ ਤਾਂ ਜੋ ਉਹਨਾਂ ਵੱਲੋਂ ਕੇਂਦਰ ਸਰਕਾਰ ਦੀਆਂ ਹਦਾਇਤਾਂ ’ਤੇ ਤੁਰੰਤ ਖੇਤੀ ਕਾਨੂੰਨ ਲਾਗੂ ਕਰਨ ਕਾਰਨ ਲੱਗਿਆ ਧੱਬਾ ਧੋਤਾ ਜਾ ਸਕੇ।
ਉਹਨਾਂ ਕਿਹਾ ਕਿ ਇਹ ਡਰਾਮੇ ਕੋਈ ਮਦਦ ਨਹੀਂ ਕਰਨਗੇ। ਉਹਨਾਂ ਕਿਹਾ ਕਿ ਕਿਸਾਨ ਜਾਣਦੇ ਹਨ ਕਿ ਕੇਜਰੀਵਾਲ ਅਤੇ ਆਪ ਨੇ ਕਦੇ ਵੀ ਕਿਸਾਨੀ ਸੰਘਰਸ਼ ਦੀ ਹਮਾਇਤ ਨਹੀਂ ਕੀਤੀ ਅਤੇ ਕੇਜਰੀਵਾਲ ਨੇ ਕੇਂਦਰ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕੰਮ ਕੀਤਾ ਹੈ।
ਉਹਨਾਂ ਕਿਹਾ ਕਿ ਅਜਿਹੇ ਘਟੀਆ ਹੱਥਕੰਡੇ ਕੰਮ ਨਹੀਂ ਆਉਣਗੇ ਅਤੇ ਕਿਹਾ ਕਿ ਪੰਜਾਬੀ ਆਪ ਦੀ ਸਾਜ਼ਿਸ਼ ਸਮਝਦੇ ਹਨ ਅਤੇ ਕਦੇ ਵੀ ਇਸ ਪਾਰਟੀ ’ਤੇ ਮੁੜ ਵਿਸਾਹ ਨਹੀਂ ਕਰਨਗੇ।