ਚੰਡੀਗੜ੍ਹ: ਆਮ ਆਦਮੀ ਪਾਰਟੀ (AAP) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਦੋ ਦਿਨਾਂ ਦੀ ਫੇਰੀ ਦੌਰਾਨ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦਿੱਲੀ ‘ਚ ਜੋ ਕਿਹਾ ਉਹ ਕਰ ਕੇ ਵਿਖਾਇਆ ਹੈ। ਉਨ੍ਹਾਂ ਕਿਹਾ ਕਿ ਕੱਲ ਵਪਾਰੀਆਂ ਨਾਲ ਮੀਟਿੰਗ ਕੀਤੀ ਗਈ ਸੀ ਤੇ ਇਸ ਦੌਰਾਨ ਵਪਾਰੀਆਂ ਲਈ ਖਰੜਾ ਤਿਆਰ ਕੀਤਾ ਗਿਆ ਤੇ ਹੁਣ ਅੱਜ ਉਹ ਸਿਹਤ ਦੀ ਗਰੰਟੀ ਦੇਣ ਆਏ ਹਨ।
ਕੇਜਰੀਵਾਲ ਨੇ ਹੁਣ ਮੁਫਤ ਸਿਹਤ ਸਹੂਲਤਾਂ ਦੀ ਦਿੱਤੀ ਗਰੰਟੀ ਹਸਪਤਾਲਾਂ ਦੀ ਹਾਲਤ ਖਸਤਾ
ਕੇਜਰੀਵਾਲ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਸਰਕਾਰੀ ਹਸਪਤਾਲਾਂ ਦੀ ਹਾਲਤ ਖਸਤਾ ਹੈ ਤੇ ਲੋਕਾਂ ਨੂੰ ਸਿਹਤ ਸਹੂਲਤਾਂ ਲਈ ਮਜਬੂਰੀ ਵਿੱਚ ਨਿਜੀ ਹਸਪਤਾਲਾਂ ਵਿੱਚ ਜਾਣਾ ਪੈਂਦਾ ਹੈ ਤੇ ਉਥੇ ਮਰੀਜਾਂ ਦੀ ਲੁੱਟ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ‘ਚ ਨਾ ਦਵਾਈ ਮਿਲਦੀ ਹੈ ਤੇ ਨਾ ਹੀ ਡਾਕਟਰ। ਉਨ੍ਹਾਂ ਕਿਹਾ ਕਿ ਸੂਬੇ ਦੀ ਹਾਲਤ ਵੇਖ ਕੇ ਉਹ ਅੱਜ ਸਿਹਤ ਸਹੂਲਤਾਂ ਦੀ ਗਰੰਟੀ ਦੇਣ ਆਏ ਹਨ। ਉਨ੍ਹਾਂ ਸਿਹਤ ਖੇਤਰ ਵਿੱਚ ਛੇ ਵਾਅਦੇ ਕੀਤੇ ਤੇ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਉਹ ਸਿਹਤ ਖੇਤਰ ਵਿੱਚ ਅਹਿਮ ਸੁਧਾਰ ਕਰਨਗੇ।
ਸਿਹਤ ‘ਤੇ ਕੀਤੇ ਛੇ ਵਾਅਦੇ
ਕੇਜਰੀਵਾਲ ਨੇ ਕਿਹਾ ਕਿ ਅੱਜ ਉਹ ਪੰਜਾਬ ਦੇ ਲੋਕਾਂ ਨੂੰ 6 ਗਰੰਟੀਆਂ ਦੇਣ ਲੱਗੇ ਹਨ। ਜਿਸ ਵਿੱਚ ਹਰ ਵਿਅਕਤੀ ਨੂੰ ਮੁਫ਼ਤ ਤੇ ਵਧੀਆਂ ਇਲਾਜ ਦੀ ਗਰੰਟੀ ਦਿੱਤੀ ਜਾ ਰਹੀ ਹੈ ਤੇ ਇਹ ਪਹਿਲੀ ਗਰੰਟੀ ਹੋਵੇਗੀ। ਦੂਜੀ ਗਰੰਟੀ ਸਾਰੀਆਂ ਦਵਾਈਆਂ, ਸਾਰੇ ਟੈਸਟ, ਸਾਰੇ ਇਲਾਜ, ਸਾਰੇ ਅਪਰੇਸ਼ਨ ਮੁਫ਼ਤ ਹੋਣਗੇ ਤੇ ਸੂਬੇ ਦੇ ਸਰਕਾਰੀ ਹਸਪਤਾਲ ਵਿਚ ਸਭ ਮਸ਼ੀਨਾਂ ਚੱਲਣਗੀਆਂ। ਉਨ੍ਹਾਂ ਕਿਹਾ ਕਿ ਭਾਵੇਂ 15 ਲੱਖ ਤੱਕ ਆਪਰੇਸ਼ਨ ਹੋਵੇਂ ਸਰਕਾਰੀ ਹਸਪਤਾਲ ‘ਚ ਮੁਫ਼ਤ ਹੋਵੇਗਾ। ਉਨ੍ਹਾਂ ਕਿਹਾ ਕਿ ਤੀਜੀ ਗਰੰਟੀ ਹਰ ਪੰਜਾਬ ਵਾਸੀ ਨੂੰ ਹੈਲਥ ਕਾਰਡ ਜਾਰੀ ਕੀਤਾ ਜਾਵੇਗਾ ਜਿਸ ਵਿਚ ਉਸ ਦੀ ਸਿਹਤ ਸਬੰਧੀ ਸਾਰੀ ਜਾਣਕਾਰੀ ਹੋਵੇਗੀ ਸਾਰਾ ਸਿਸਟਮ ਆਨਲਾਈਨ ਹੋਵੇਗਾ। ਇਸ ਦਾ ਬਕਾਇਦਾ ਡਾਟਾ ਹੋਵੇਗਾ।
ਮੁਹੱਲਾ ਕਲੀਨਿਕ ਖੋਲ੍ਹਣ ਦੀ ਗੱਲ ਕਹੀ
ਉਨ੍ਹਾਂ ਕਿਹਾ ਕਿ ਚੌਥੀ ਗਰੰਟੀ ਮੁਹੱਲਾ ਕਲੀਨਿਕ (Mohalla Clinic) ਦੀ ਹੋਵੇਗੀ ਤੇ ਸਾਰੇ 16 ਹਜ਼ਾਰ ਪਿੰਡ ਅਤੇ ਮੁਹੱਲਾ ਕਲੀਨਿਕ ਖੋਲ੍ਹੇ ਜਾਣਗੇ। ਪੰਜਵੀਂ ਗਰੰਟੀ ਵਿੱਚ ਸਾਰੇ ਵੱਡੇ ਹਸਪਤਾਲਾਂ ਨੂੰ ਦਰੁਸਤ ਕੀਤਾ ਜਾਵੇਗਾ ਸ਼ਾਨਦਾਰ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ 6ਵੀਂ ਗਰੰਟੀ ਪੰਜਾਬ ਅੰਦਰ ਜੇਕਰ ਕਿਸੇ ਦਾ ਐਕਸੀਡੈਂਟ ਹੁੰਦਾ ਹੈ ਤਾਂ ਉਸ ਦਾ ਇਲਾਜ਼ ਸਰਕਾਰ ਮੁਫ਼ਤ ਕਰਵਾਏਗੀ। ਮੁਫਤ ਸਿਹਤ ਸਹੂਲਤਾਂ ਲਈ ਪੈਸੇ ਦਾ ਪ੍ਰਬੰਧ ਕਿਵੇਂ ਹੋਵੇਗਾ ਬਾਰੇ ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਠੱਲ੍ਹ ਪਾਈ ਜਾਵੇਗੀ। ਕੇਜਰੀਵਾਲ ਨੇ ਹਰ ਸ਼ਹਿਰ ਵਿੱਚ ਪ੍ਰੈਸ ਕਲੱਬ ਬਣਾਉਣ ਦਾ ਵਾਅਦਾ ਵੀ ਕੀਤਾ।
ਨਹੀਂ ਕੀਤਾ ਸੀਐਮ ਚਿਹਰੇ ਦਾ ਐਲਾਨ
ਜਿਵੇਂ ਕੀ ਵੱਡੀ ਉਮੀਦ ਸੀ ਕਿ ਕੇਜਰੀਵਾਲ ਪੰਜਾਬ ਵਿੱਚ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਨਗੇ, ਉਸ ਤੋਂ ਉਲਟ ਉਹ ਰਾਜਸੀ ਸੁਆਲਾਂ ਦੇ ਜਵਾਬ ਦੇਣ ਤੋਂ ਵੀ ਬਚਦੇ ਨਜ਼ਰ ਆਏ। ਪੰਜਾਬ ਦੀ ਮੌਜੂਦਾ ਰਾਜਸੀ ਸਰਗਰਮੀਆਂ ਬਾਰੇ ਕੇਜਰੀਵਾਲ ਸਪਸ਼ਟ ਤੌਰ ‘ਤੇ ਜਵਾਬ ਨਹੀਂ ਦੇ ਪਾਏ। ਪਹਿਲਾਂ ਉਨ੍ਹਾਂ ਭਗਵੰਤ ਮਾਨ ਨੂੰ ਆਪਣਾ ਛੋਟਾ ਭਰਾ ਦੱਸਿਆ ਤੇ ਫੇਰ ਜਦੋਂ ਨਵਜੋਤ ਸਿੱਧੂ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਇਸ ਮਾਮਲੇ ‘ਤੇ ਕੁਝ ਨਹੀਂ ਬੋਲਣਗੇ।
‘ਆਪ‘ ਦਾ ਕਾਰਡ ਵਿਗਾੜੇਗਾ ਸਰਕਾਰ ਦੀ ‘ਸਿਹਤ‘
ਅਰਵਿੰਦ ਕੇਜਰੀਵਾਲ ਨੇ ਪਹਿਲਾਂ 300 ਯੁਨਿਟ ਮੁਫਤ ਬਿਜਲੀ ਦਾ ਚੋਣ ਵਾਅਦਾ ਕੀਤਾ ਸੀ। ਇਸ ਉਪਰੰਤ ਸਾਰੀਆਂ ਧਿਰਾਂ ਨੇ ਮੁਫਤ ਬਿਜਲੀ ਦੇਣ ਦੀ ਗੱਲ ਕਹਿਣੀ ਸ਼ੁਰੂ ਕਰ ਦਿੱਤੀ। ਪੰਜਾਬ ਕਾਂਗਰਸ ਵਿੱਚ ਵੀ ਆਵਾਜ ਉਠੀ ਕਿ ਸਰਕਾਰ ਦੇ ਰਹਿੰਦੇ ਸਮੇਂ ਵਿੱਚ ਖਪਤਕਾਰਾਂ ਨੂੰ ਰਾਹਤ ਦਿੱਤੀ ਜਾਣੀ ਚਾਹੀਦੀ ਹੈ ਤੇ ਹੁਣ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਬਣਦਿਆਂ ਵੱਡਾ ਐਲਾਨ ਕਰਕੇ ਦੋ ਕਿਲੋਵਾਟ ਵਾਲੇ 52 ਲੱਖ ਖਪਤਕਾਰਾਂ ਦਾ ਬਕਾਇਆ ਬਿਲ ਮਾਫ ਕਰ ਦਿੱਤਾ ਤੇ ਨਾਲ ਹੀ ਇੱਕ ਲੱਖ ਕਟੇ ਕੁਨੈਕਸ਼ਨ ਬਹਾਲ ਕਰਨ ਦੀ ਗੱਲ ਕਹੀ। ਇਸ ਨਾਲ ਬਿਜਲੀ ਮੁੱਦੇ ‘ਤੇ ਕਾਂਗਰਸ ਅੱਗੇ ਲੰਘਦੀ ਨਜਰ ਆਈ ਪਰ ਅੱਜ ਕੇਜਰੀਵਾਲ ਨੇ ਮੁਫਤ ਸਿਹਤ ਸਹੂਲਤਾਂ ਦਾ ਦੂਜਾ ਚੋਣ ਵਾਅਦਾ ਕਰ ਦਿੱਤਾ ਹੈ, ਜਿਸ ਨਾਲ ਮੌਜੂਦਾ ਸਰਕਾਰ ਨੂੰ ਸੋਚਣ ਲਈ ਮਜਬੂਰ ਹੋਣਾ ਪੈ ਸਕਦਾ ਹੈ।
ਇਹ ਵੀ ਪੜ੍ਹੌ:ਹੋ ਗਿਆ ਸਾਫ਼: ਕਾਂਗਰਸ ਛੱਡਣਗੇ ਕੈਪਟਨ!