ਚੰਡੀਗੜ੍ਹ: ਕਪੂਰਥਲਾ ਦੇ ਨਿਜਾਮਪੁਰ ਵਿਖੇ ਗੁਰਦੁਆਰੇ ਵਿੱਚ ਨਿਸ਼ਾਨ ਸਾਹਿਬ ਦੀ ਬੇਅਦਬੀ (Kapurthala Sacrilege update)ਕੀਤੇ ਜਾਣ ਦੀ ਸੂਚਨਾ ਮਿਲੀ ਸੀ। ਗੁਰਦੁਆਰੇ ਦੇ ਗ੍ਰੰਥੀ ਨੇ ਕਿਹਾ ਸੀ ਕਿ ਉਸ ਨੇ ਸਵੇਰੇ ਚਾਰ ਵਜੇ ਦੇ ਕਰੀਬ ਇੱਕ ਵਿਅਕਤੀ ਨੂੰ ਨਿਸ਼ਾਨ ਸਾਹਿਬ ਦੀ ਬੇਅਦਬੀ ਦੀ ਕੋਸ਼ਿਸ਼ ਕੀਤੀ ਹੈ। ਇਸ ਕਥਿਤ ਮੁਲਜਮ ਨੂੰ ਕਤਲ ਕਰ ਦਿੱਤਾ ਗਿਆ ਸੀ। ਬਾਅਦ ਵਿੱਚ ਮਾਮਲਾ ਮਘ ਗਿਆ ਤੇ ਸਿੱਖ ਸੰਗਤ ਨੇ ਧਰਨਾ ਲਗਾਇਆ ਸੀ। ਇਸੇ ’ਤੇ ਕਾਰਵਾਈ ਕਰਦਿਆਂ ਪੁਲਿਸ ਨੇ 295-ਏ ਯਾਨੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਸੀ।
ਕਥਿਤ ਮੁਲਜਮ ਦੀ ਪਛਾਣ ਅਜੇ ਤੱਕ ਨਹੀਂ ਹੋ ਪਾਈ ਹੈ। ਉਸ ਦੀ ਲਾਸ਼ ਦਾ ਪੋਸਟਮਾਰਟਮ ਕਰ ਦਿੱਤਾ ਗਿਆ ਸੀ ਤੇ ਡੀਐਨਏ ਸੈਂਪਲ ਲਏ ਗਏ ਹਨ ਤਾਂ ਜੋ ਪਛਾਣ ਕੀਤੀ ਜਾ ਸਕੇ। ਡਾਕਟਰਾਂ ਨੇ ਪੁਸ਼ਟੀ ਕੀਤੀ ਹੈ ਕਿ ਤੇਜ ਧਾਰ ਹਥਿਆਰ ਨਾਲ ਹਮਲਾ ਹੋਇਆ ਹੈ ਤੇ ਇਸ ਕਾਰਨ ਹੀ ਉਸਦਾ ਕਤਲ ਹੋਇਆ। ਹੁਣ ਪੁਲਿਸ ਨੇ ਇਸ ਮਾਮਲੇ ਵਿੱਚ ਕਤਲ ਦੀ ਧਾਰਾ ਲਗਾ ਕੇ ਗੁਰਦੁਆਰੇ ਦੇ ਗ੍ਰੰਥੀ ਅਮਰਜੀਤ ਸਿੰਘ ਨੂੰ ਗਿਰਫਤਾਰ ਕਰ ਲਿਆ ਹੈ।