ਚੰਡੀਗੜ੍ਹ: ਦਿੱਲੀ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਸਾਲ 2022 'ਚ ਪੰਜਾਬ ਵਿੱਚ ਆਪਣੀ ਸਰਕਾਰ ਬਣਾਉਣ ਦੀ ਤਿਆਰੀ ਕਰ ਰਹੀ ਹੈ। ਇਸ ਦੇ ਲਈ ਪਾਰਟੀ ਹਾਈ ਕਮਾਨ ਵੱਲੋਂ ਐਮਐਲਏ ਜਰਨੈਲ ਸਿੰਘ ਨੂੰ 'ਆਪ' ਮਾਮਲਿਆਂ ਦਾ ਨਵਾਂ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਸ ਬਾਰੇ ਈਟੀਵੀ ਭਾਰਤ ਨੇ ਖ਼ਾਸ ਤੌਰ 'ਤੇ ਆਮ ਆਦਮੀ ਪਾਰਟੀ ਦੇ ਸਸਪੈਂਡ ਤੇ ਨਾਰਾਜ਼ ਚੱਲ ਰਹੇ ਵਿਧਾਇਕ ਕੰਵਰ ਸੰਧੂ ਨਾਲ ਗੱਲਬਾਤ ਕੀਤੀ।
ਈਟੀਵੀ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕੰਵਰ ਸੰਧੂ ਨੇ ਕਿਹਾ ਇਹ ਬੇਹਦ ਖੁਸ਼ੀ ਦੀ ਗੱਲ ਹੈ ਕਿ ਇੱਕ ਪੰਜਾਬੀ ਵਿਅਕਤੀ ਨੂੰ ਸੂਬੇ 'ਚ 'ਆਪ' ਮਾਮਲਿਆਂ ਦੇ ਇੰਚਾਰਜ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਅਹੁਦੇ ਲਈ ਪਹਿਲਾਂ ਮਨੀਸ਼ ਸਸੋਦੀਆ ਨੂੰ ਚੁਣਿਆ ਗਿਆ ਸੀ ਪਰ ਉਨ੍ਹਾਂ ਦੇ ਹੋਰਨਾਂ ਕੰਮਾਂ ਦੇ ਰੁਝੇ ਹੋਣ ਦੇ ਚਲਦੇ ਐਮਐਲਏ ਜਰਨੈਲ ਸਿੰਘ ਨੂੰ ਨਵਾਂ ਇੰਚਾਰਜ ਬਣਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਜਰਨੈਲ ਸਿੰਘ ਕੁਝ ਸਮੇਂ ਪਹਿਲਾਂ ਹੀ ਪੰਜਾਬ ਆਏ ਸੀ। ਉਨ੍ਹਾਂ ਦੇ ਇੰਚਾਰਜ ਬਣਨ ਦੀ ਖ਼ਬਰ ਉਨ੍ਹਾਂ ਨੂੰ ਮੀਡੀਆ ਰਾਹੀਂ ਮਿਲੀ। ਅਜੇ ਤੱਕ ਕਿਸੇ ਨੇ ਵੀ ਉਨ੍ਹਾਂ ਕੋਲ ਪਹੁੰਚ ਨਹੀਂ ਕੀਤੀ ਹੈ। ਕੰਵਰ ਸੰਧੂ ਨੇ ਦੱਸਿਆ ਕਿ ਉਨ੍ਹਾਂ ਨੂੰ ਅਜੇ ਤੱਕ ਜਰਨੈਲ ਸਿੰਘ ਵੱਲੋਂ ਕਿਸੇ ਗੱਲਬਾਤ ਲਈ ਕੋਈ ਸੱਦਾ ਨਹੀਂ ਆਇਆ ਹੈ।