ਚੰਡੀਗੜ੍ਹ: ਭਾਜਪਾ ਹੈਡਕੁਆਟਰ ਵਿਖੇ ਹੋਏ ਸਮਾਗਮ ਦੌਰਾਨ ਆਲ ਇੰਡੀਆ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਸਮਾਜ ਸੇਵੀ ਦਲ ਅਤੇ ਰੰਗਰੇਟਾ ਦਲਿਤ ਸੈਨਾ, ਪੰਜਾਬ ਦੇ ਕੌਮੀ ਜਨਰਲ ਸਕੱਤਰ ਅਤੇ ਮੀਡੀਆ ਇੰਚਾਰਜ ਜਥੇਦਾਰ ਅਜਮੇਰ ਸਿੰਘ ਰੰਧਾਵਾ ਅਤੇ ਸੁਖਦੇਵ ਸਿੰਘ ਚੰਡੀਗੜ੍ਹ ਪ੍ਰਚਾਰ ਸੈਕਟਰੀ ਆਪਣੇ 25 ਸਾਥੀਆਂ ਸਮੇਤ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਇਹ ਸਾਰੇ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ, ਸੰਗਠਨ ਮੰਤਰੀ ਦਿਨੇਸ਼ ਕੁਮਾਰ ਅਤੇ ਪ੍ਰਦੇਸ਼ ਭਾਜਪਾ ਜਨਰਲ ਸਕੱਤਰ ਜੀਵਨ ਗੁਪਤਾ ਦੀ ਅਗਵਾਈ 'ਚ ਭਾਜਪਾ 'ਚ ਸ਼ਾਮਲ ਹੋਏ।
ਅਸ਼ਵਨੀ ਸ਼ਰਮਾ ਨੇ ਇਸ ਮੌਕੇ ਕਿਹਾ ਕਿ ਇਹ ਸਾਰੇ ਲੋਕ ਦਰਸ਼ਨ ਸਿੰਘ ਨੈਨਵਾਲ ਦੀ ਪ੍ਰੇਰਣਾ ਸਦਕਾ ਅਤੇ ਪਾਰਟੀ ਦੀ ਵਿਚਾਰਧਾਰਾ 'ਤੋਂ ਪ੍ਰਭਾਵਿਤ ਹੋ ਕੇ ਭਾਜਪਾ ਵਿੱਚ ਸ਼ਾਮਲ ਹੋਏ ਹਨ। ਜਥੇਦਾਰ ਰੰਧਾਵਾ ਅਤੇ ਸੁਖਦੇਵ ਸਿੰਘ ਆਪਣੀ ਪਾਰਟੀ ਵਿੱਚ ਬਹੁਤ ਸਰਗਰਮ ਕਾਰਕੁੰਨ ਰਹੇ ਹਨ ਅਤੇ ਉਨ੍ਹਾਂ ਨੇ ਬਹੁਤ ਸਾਰੇ ਸਮਾਜ ਭਲਾਈ ਦੇ ਕੰਮ ਕੀਤੇ ਹਨ। ਉਨ੍ਹਾਂ ਦੇ ਕੰਮ ਦੇ ਮੱਦੇਨਜ਼ਰ ਉਨ੍ਹਾਂ ਨੂੰ ਪਾਰਟੀ ਵੱਲੋਂ ਭਾਜਪਾ ਵਿੱਚ ਸ਼ਾਮਲ ਕੀਤਾ ਗਿਆ ਹੈ।