ਜਲੰਧਰ: ਏਐੱਸਆਈ ਮੁਲਖ ਰਾਜ 'ਤੇ ਕਾਰ ਚੜਾਉਣ ਦੇ ਮਾਮਲੇ 'ਚ ਪੰਜਾਬ ਪੁਲਿਸ ਨੇ ਫੌਰੀ ਐਕਸ਼ਨ ਲੈਂਦੇ ਹੋਏ ਮੁਲਜ਼ਮ ਅਨਮੋਲ ਮਹਿਮੀ ਅਤੇ ਉਸ ਦੇ ਪਿਤਾ ਪਰਮਿੰਦਰ ਕੁਮਾਰ (ਕਾਰ ਦਾ ਮਾਲਕ) ਖ਼ਿਲਾਫ਼ ਧਾਰਾ 307 (ਇਰਾਦਾ ਕਤਲ) ਦਾ ਮਾਮਲਾ ਦਰਜ ਕੀਤਾ ਗਿਆ ਹੈ।
ਜਲੰਧਰ: ASI ਮੁਲਖ ਰਾਜ 'ਤੇ ਕਾਰ ਚੜਾਉਣ ਵਾਲੇ ਅਨਮੋਲ ਮਹਿਮੀ ਤੇ ਪਿਤਾ 'ਤੇ ਹੋਇਆ 307 ਦਾ ਮਾਮਲਾ ਦਰਜ ਇਹ ਜਾਣਕਾਰੀ ਪੰਜਾਬ ਪੁਲਿਸ ਮੁਖੀ ਦਿਨਕਰ ਗੁਪਤਾ ਨੇ ਟਵੀਟ ਰਾਹੀ ਸਾਂਝੀ ਕੀਤੀ ਹੈ। ਉਨ੍ਹਾਂ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਪੰਜਾਬ ਪੁਲਿਸ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਖ਼ਿਲਾਫ਼" ਸਿਫਰ ਸ਼ਹਿਣਸ਼ੀਲਤਾ ਨੀਤੀ" ਅਖਤਿਆਰ ਕਰੇਗੀ।
ਜ਼ਿਕਰਯੋਗ ਹੈ ਕਿ ਥਾਣਾ ਨੰਬਰ 6 ਦੇ ਅਧੀਨ ਪੈਂਦੇ ਮਿਲਕ ਬਾਰ ਚੌਕ ਵਿਖੇ ਜਦੋਂ ਅੱਜ ਪੁਲਿਸ ਪਾਰਟੀ ਵੱਲੋਂ ਕੀਤੀ ਗਈ ਨਾਕਾਬੰਦੀ ਦੌਰਾਨ ਇੱਕ ਨੌਜਵਾਨ ਕਾਰ ਲੈ ਕੇ ਇਸ ਨਾਕੇ ਤੋਂ ਗੁਜ਼ਰਿਆ ਤਾਂ ਪੁਲਿਸ ਦੇ ਰੋਕਣ 'ਤੇ ਵੀ ਜਦੋਂ ਨੌਜਵਾਨ ਨਹੀਂ ਰੁਕਿਆ, ਜਿਸ ਤੋਂ ਬਾਅਦ ਏਐੱਸਆਈ ਮੁਲਖ ਰਾਜ ਨੇ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਨੌਜਵਾਨ ਕਾਰ ਨੂੰ ਰੋਕਣ ਦੀ ਬਜਾਏ ਏਐੱਸਆਈ ਨੂੰ ਹੀ ਕਾਰ ਦੇ ਬੋਨਟ 'ਤੇ ਘਸੀਟਦਾ ਹੋਇਆ ਦੂਰ ਤੱਕ ਲੈ ਗਿਆ। ਆਮ ਲੋਕਾਂ ਅਤੇ ਪੁਲਿਸ ਨੇ ਮੁਸ਼ਕਲ ਨਾਲ ਕਾਰ ਨੂੰ ਰੋਕ ਕੇ ਏਐੱਸਅਈ ਦੀ ਜਾਨ ਬਚਾਈ। ਮੁਲਜ਼ਮ ਨੌਜਵਾਨ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ ਗਿਆ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ।
ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀਂ ਪਟਿਆਲਾ ਵਿੱਚ ਕਰਿਫਊ ਦੌਰਾਨ ਡਿਊਟੀ ਕਰ ਰਹੇ ਪੁਲਿਸ ਮੁਲਾਜ਼ਮਾਂ 'ਤੇ ਨਿਹੰਗਾਂ ਨੇ ਹਮਲਾ ਕੀਤਾ ਸੀ। ਇਸ ਹਮਲੇ ਵਿੱਚ ਵੀ ਏਐੱਸਆਈ ਹਰਜੀਤ ਸਿੰਘ ਦਾ ਹੱਥ ਵੱਢਿਆ ਗਿਆ ਸੀ।