ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਨੂੰ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਸੰਮਨ ਭੇਜਣ 'ਤੇ ਉਨ੍ਹਾਂ ਦੇ ਵਕੀਲ ਜੈਵੀਰ ਸ਼ੇਰਗਿੱਲ ਨੇ ਆਪਣੀ ਪ੍ਰਤਿਕਿਰਿਆ ਦਿੱਤੀ ਹੈ।
ਵਕੀਲ ਜੈਵੀਰ ਸ਼ੇਰਗਿੱਲ ਨੇ ਕਿਹਾ ਕਿ ਮੇਰੇ ਮੁਵੱਕਲ ਰਣਇੰਦਰ ਸਿੰਘ ਨੂੰ ਇਨਫ਼ੋਰਸਮੈਂਟ ਡਾਇਰੈਕਟੋਰੇਟ ਦੇ ਸੰਮਨ ਮਿਲੇ ਹਨ। ਉਹ ਕਾਨੂੰਨ ਦਾ ਪਾਲਣ ਕਰਨ ਵਾਲਾ ਨਾਗਰਿਕ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਪੁਰਾਣਾ ਕੇਸ ਹੈ ਤੇ ਸੰਮਨ ਦਾ ਸਮਾਂ ਦਿਲਚਸਪ ਅਤੇ ਸਵਾਲ ਭਰਪੂਰ ਹੈ।
ਇੱਥੇ ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਨੂੰ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮੰਗਲਵਾਰ ਨੂੰ ਗ਼ੈਰ-ਕਾਨੂੰਨੀ ਪੈਸੇ ਦੇ ਮਾਮਲੇ ਵਿੱਚ ਤਲਬ ਕੀਤਾ ਹੈ। ਰਣਇੰਦਰ ਸਿੰਘ ਨੂੰ 2016 ਵਿੱਚ ਪਹਿਲਾਂ ਵੀ ਵਿਦੇਸ਼ੀ ਮੁਦਰਾ ਪ੍ਰਬੰਧ ਐਕਟ ਜਾਂ ਫ਼ੇਮਾ ਦਾ ਕਥਿਤ ਰੂਪ ਤੋਂ ਉਲੰਘਣ ਕਰਨ 'ਤੇ ਬੁਲਾਇਆ ਗਿਆ ਸੀ।
ਰਣਇੰਦਰ ਸਿੰਘ ਤੋਂ ਉਸ ਸਮੇਂ ਸਵਿਟਜ਼ਰਲੈਂਡ ਦੇ ਲਈ ਪੈਸੇ ਦੇ ਕਥਿਤ ਟ੍ਰਾਂਸਫ਼ਰ ਅਤੇ ਇੱਕ ਟਰੱਸਟ ਦੇ ਨਿਰਮਾਣ ਅਤੇ ਬ੍ਰਿਟਿਸ਼ ਵਰਜਿਨ ਆਈਲੈਂਡਜ਼ ਦੇ ਟੈਕਸ ਹੈਵਨ ਵਿੱਚ ਕੁੱਝ ਸਹਾਇਕ ਕੰਪਨੀਆਂ ਨੂੰ ਦਿੱਤੀ ਗਈ ਸਬਸਿਡੀ ਦੇ ਬਾਰੇ ਪੁੱਛਿਆ ਗਿਆ ਸੀ। ਕਥਿਤ ਉਲੰਘਣਾ ਦੀ ਜਾਂਚ ਪਹਿਲਾਂ ਆਮਦਨ ਵਿਭਾਗ ਵੱਲੋਂ ਕੀਤੀ ਗਈ ਸੀ ਅਤੇ ਪੰਜਾਬ ਦੀ ਇੱਕ ਅਦਾਲਤ ਵਿੱਚ ਮਾਮਲਾ ਦਾਇਰ ਕੀਤਾ ਗਿਆ ਸੀ। ਰਣਇੰਦਰ ਸਿੰਘ ਨੇ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਦੇ ਕੋਲ ਲੁਕਾਉਣ ਦੇ ਲਈ ਕੁੱਝ ਵੀ ਨਹੀਂ ਹੈ ਅਤੇ ਜਾਂਚ ਵਿੱਚ ਸਹਿਯੋਗ ਕਰਨ ਦੇ ਲਈ ਤਿਆਰ ਹਾਂ।