ਚੰਡੀਗੜ੍ਹ: ਪੰਜਾਬ ਵਿਧਾਨਸਭਾ ਦੇ ਨਵੇਂ ਡਿਪਟੀ ਸਪੀਕਰ ਵੱਜੋਂ ਗੜ੍ਹਸ਼ੰਕਰ ਤੋਂ ਵਿਧਾਇਕ ਜੈ ਕਿਸ਼ਨ ਰੋੜੀ ਨੂੰ ਚੁਣਿਆ ਗਿਆ ਹੈ। ਦੱਸ ਦਈਏ ਕਿ ਰੋੜੀ ਗੜ੍ਹਸ਼ੰਕਰ ਸੀਟ ਤੋਂ ਦੂਜੀ ਵਾਰ ਵਿਧਾਇਕ ਬਣੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਜੈ ਕਿਸ਼ਨ ਰੋੜੀ ਨੂੰ ਵਧਾਈ ਦਿੱਤੀ। ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਟਵੀਟ ਵੀ ਕੀਤਾ ਗਿਆ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦੇ ਹੋਏ ਕਿਹਾ ਕਿ ਹਲਕਾ ਗੜ੍ਹਸ਼ੰਕਰ ਤੋਂ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਜੀ ਨੂੰ ਸਰਬ-ਸੰਮਤੀ ਨਾਲ 16ਵੀਂ ਵਿਧਾਨ ਸਭਾ ਦੇ ਡਿਪਟੀ ਸਪੀਕਰ ਚੁਣੇ ਜਾਣ ‘ਤੇ ਵਧਾਈ। ਮੈਨੂੰ ਪੂਰਨ ਆਸ ਹੈ ਰੋੜੀ ਜੀ ਆਪਣੀ ਨਵੀਂ ਜ਼ਿੰਮੇਵਾਰੀ ਪੂਰੀ ਤਨਦੇਹੀ, ਦ੍ਰਿੜਤਾ ਅਤੇ ਨਿਰਪੱਖ ਹੋ ਕੇ ਬਾਖ਼ੂਬੀ ਨਿਭਾਉਣਗੇ।
ਵਿਧਾਇਕ ਬਲਜਿੰਦਰ ਕੌਰ ਨੇ ਰੱਖਿਆ ਸੀ ਮਤਾ: ਦੱਸ ਦਈਏ ਕਿ ਵਿਧਾਨਸਭਾ ਸੈਸ਼ਨ ’ਚ ਇਸ ਸਬੰਧੀ ਵਿਧਾਇਕ ਬਲਜਿੰਦਰ ਕੌਰ ਵੱਲੋਂ ਮਤਾ ਰੱਖਿਆ ਗਿਆ ਸੀ ਮਤਾ ਪਾਸ ਹੋਣ ਤੋਂ ਬਾਅਦ ਸਾਰਿਆਂ ਦੀ ਸਹਿਮਤੀ ਤੋਂ ਬਾਅਦ ਵਿਧਾਇਕ ਜੈ ਕਿਸ਼ਨ ਰੋੜੀ ਨੂੰ ਪੰਜਾਬ ਵਿਧਾਨਸਭਾ ਦਾ ਡਿਪਟੀ ਸਪੀਕਰ ਬਣਾਇਆ ਗਿਆ।
ਸੈਸ਼ਨ ਦੌਰਾਨ ਕਈ ਮਤਿਆਂ ਨੂੰ ਕੀਤਾ ਗਿਆ ਪੇਸ਼: ਵਿਧਾਨਸਭਾ ਸੈਸ਼ਨ ਦੌਰਾਨ ਅਗਨੀਪਥ ਸਕੀਮ ਦੇ ਖਿਲਾਫ ਮਤੇ ਨੂੰ ਪੇਸ਼ ਕਰ ਪਾਸ ਕੀਤਾ ਗਿਆ। ਇਸ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਨੂੰ ਲੈ ਕੇ ਵੀ ਮਤਾ ਪਾਸ ਕੀਤਾ ਗਿਆ। ਪੰਜਾਬ ਦੇ ਸਿੱਖਿਆ ਮੰਤਰੀ ਮੀਤ ਹੇਅਰ ਵੱਲੋਂ ਮਤਾ ਪੇਸ਼ ਕੀਤਾ ਗਿਆ ਹੈ। ਅਗਨੀਪਥ ਸਕੀਮ ਦੇ ਖਿਲਾਫ ਪੇਸ਼ ਕੀਤੇ ਗਏ ਮਤੇ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ।
ਇਹ ਵੀ ਪੜੋ:ਸੀਐੱਮ ਮਾਨ ਵੱਲੋਂ ਅਗਨੀਪਥ ਸਕੀਮ ਖਿਲਾਫ ਮਤਾ ਪਾਸ, ਕਿਹਾ-'ਬੀਜੇਪੀ ਪਹਿਲਾਂ ਆਪਣੇ ਪੁੱਤਰਾਂ ਨੂੰ ਬਣਾਵੇ ਅਗਨੀਵੀਰ'