ਚੰਡੀਗੜ੍ਹ: ਇੱਕ ਸਾਬਕਾ ਸਫ਼ੀਰ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਇਹ ਪਲੇਠਾ ਭਾਰਤ ਦੌਰਾ, ਭਾਰਤ – ਅਮਰੀਕਾ ਵਿਚਲੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਬੇਹੱਦ ਮਹੱਤਵਪੂਰਨ ਹੈ ਭਾਵੇਂ ਇਸ ਯਾਤਰਾ ਦੌਰਾਨ ਇਹਨਾਂ ਦੋਵੇਂ ਦੇਸ਼ਾਂ ਵਿਚਾਲੇ ਕੋਈ ਵਪਾਰ ਸਮਝੌਤਾ ਨਹੀਂ ਵੀ ਹੁੰਦਾ। ਉਨ੍ਹਾਂ ਕਿਹਾ ਕਿ ਇਹ ਦੌਰਾ ਰੱਖਿਆ, ਅਤਿਵਾਦ ਵਿਰੁੱਧ ਅਤੇ ਊਰਜਾ ਦੇ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਨੂੰ ਵਧਾਉਣ ਵਿੱਚ ਸਹਾਇਤਾ ਕਰੇਗਾ।
ਸਾਬਕਾ ਰਾਜਦੂਤ ਤੇ ਵੱਕਾਰੀ ਵਿਦੇਸ਼ ਨੀਤੀ ਦੇ ਥਿੰਕ ਟੈਂਕ ਗੇਟਵੇ ਹਾਉਸ ਦੇ ਫ਼ੈਲੋ, ਰਾਜੀਵ ਭਾਟੀਆ ਨੇ ਕਿਹਾ, “ਭਾਰਤ-ਅਮਰੀਕਾ ਸੰਬੰਧ ਸਿਰਫ ਵਪਾਰ ਬਾਰੇ ਨਹੀਂ ਹਨ, ਉਹ ਰੱਖਿਆ ਅਤੇ ਊਰਜਾ ਦੇ ਖੇਤਰਾਂ ਵਿੱਚ ਰਣਨੀਤਕ ਸਹਿਯੋਗ ਸਮੇਤ ਕਈ ਮੁੱਦਿਆਂ ਨੂੰ ਕਵਰ ਕਰਦੇ ਹਨ।”
ਇਸ ਗੱਲ ਦੇ ਪ੍ਰਬਨ ਸੰਕੇਤ ਮਿਲ ਰਹੇ ਸਨ ਕਿ ਦੋਵੇਂ ਰਾਸ਼ਟਰ ਰਾਸ਼ਟਰਪਤੀ ਟਰੰਪ ਦੀ ਭਾਰਤ ਫੇਰੀ ਦੌਰਾਨ ਇੱਕ ਸੀਮਤ ਅਤੇ ਅੰਸ਼ਕ ਵਪਾਰ ਸਮਝੌਤੇ 'ਤੇ ਦਸਤਖਤ ਕਰ ਸਕਦੇ ਹਨ ਜੋ ਕਿ ਦੋਵਾਂ ਦੇਸ਼ਾਂ ਵਿਚਲੇ ਦੁਵੱਲੇ ਵਪਾਰ ਨੂੰ 10 ਬਿਲੀਅਨ ਡਾਲਰ ਤੱਕ ਕਵਰ ਕਰੇਗਾ। ਪਰ ਅਮਰੀਕੀ ਨੇਤਾ ਨੇ ਪਿਛਲੇ ਹਫਤੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਉਸਦੀ ਭਾਰਤ ਫੇਰੀ ਦੌਰਾਨ ਕੋਈ ਵੀ ਵਪਾਰਕ ਸੌਦਾ ਨਹੀਂ ਹੋਏਗਾ।
ਰਾਸ਼ਟਰਪਤੀ ਟਰੰਪ ਨੇ ਪਿਛਲੇ ਹਫ਼ਤੇ ਕਿਹਾ, “ ਕਿ ਮੈਂ ਦਰਅਸਲ ਇਹ ਵੱਡਾ ਸਮਝੌਤਾ ਬਾਅਦ ਵਾਸਤੇ ਬਚਾ ਕੇ ਰੱਖ ਰਿਹਾ ਹਾਂ।”
ਆਪਣੀ ਭਾਰਤ ਫੇਰੀ ਤੋਂ ਪਹਿਲਾਂ ਅਮਰੀਕੀ ਨੇਤਾ ਦਾ ਕਹਿਣਾ ਸੀ, “ਕਿ ਮੈਨੂੰ ਨਹੀਂ ਪਤਾ ਕਿ ਇਹ ਚੋਣਾਂ ਤੋਂ ਪਹਿਲਾਂ ਹੋ ਜਾਵੇਗਾ ਜਾਂ ਨਹੀਂ, ਪਰ ਇਹ ਗੱਲ ਪੱਕੀ ਹੈ ਕਿ ਭਾਰਤ ਨਾਲ ਸਾਡਾ ਬਹੁਤ ਵੱਡਾ ਵਪਾਰਕ ਸਮਝੌਤਾ ਹੋਏਗਾ।”
ਇਸ ਗੱਲ ਨੇ ਇਸ ਸ਼ੰਕੇ ਦੀ ਪੁਸ਼ਟੀ ਕਰ ਦਿੱਤੀ ਕਿ ਅਮਰੀਕਾ ਨਾਲ ਇੱਕ ਮਾਮੂਲੀ ਵਪਾਰਕ ਸੌਦਾ ਵੀ ਅਜੇ ਘੱਟੋ ਘੱਟ ਕਈ ਮਹੀਨਿਆਂ ਦੀ ਦੂਰੀ ’ਤੇ ਹੈ, ਕਿਉਂਕਿ ਨਵੰਬਰ ਦੇ ਪਹਿਲੇ ਹਫ਼ਤੇ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ।