ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਬੀਜੇਪੀ ਆਗੂ ਤੀਕਸ਼ਣ ਸੂਦ ਦੇ ਘਰ ਬਾਹਰ ਗੋਹਾ ਸੁੱਟਣ ਵਾਲੇ ਮਾਮਲੇ 'ਚ ਪ੍ਰਦਰਸ਼ਨਕਾਰੀਆਂ ਖਿਲਾਫ਼ ਧਾਰਾ 307 ਵਾਪਸ ਲੈਣ ਦਾ ਹੁਕਮ ਦਿੱਤਾ ਗਿਆ ਤੇ ਐਸਐਚਓ ਦਾ ਟਰਾਂਸਫ਼ਰ ਕਰ ਦਿੱਤਾ ਗਿਆ ਕਿਉਂਕਿ ਉਹ ਸੂਬੇ ਵਿੱਚ ਲਾ ਐਂਡ ਆਰਡਰ ਦੀ ਸਥਿਤੀ ਬਰਕਰਾਰ ਰੱਖਣਾ ਚਾਹੁੰਦੇ ਹਨ ਤੇ ਉਹ ਕਿਸਾਨਾਂ ਨਾਲ ਹਨ ਪਰ ਕਾਨੂੰਨ ਵਿਵਸਥਾ ਵਿਗੜਨ ਨਹੀਂ ਦੇਣਗੇ ਕਿਉਂਕਿ ਉਨ੍ਹਾਂ ਨੇ '84 ਦਾ ਕਤਲੇਆਮ, ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਸਣੇ ਕਾਲੇ ਦੌਰ ਨੂੰ ਦੇਖਿਆ ਹੈ ਤੇ ਪਾਕਿਸਤਾਨ ਵੱਲੋਂ ਹਰ ਰੋਜ਼ ਡਰੋਨ ਰਾਹੀਂ ਹਥਿਆਰ ਭੇਜੇ ਜਾਂਦੇ ਹਨ, ਜਿਸਦਾ ਫ਼ਾਇਦਾ ਅੱਤਵਾਦੀਆਂ ਨੂੰ ਨਹੀਂ ਹੋਣ ਦਿੱਤਾ ਜਾਵੇਗਾ।
ਕਿਸਾਨਾਂ ਨੂੰ ਅੱਤਵਾਦੀ ਅਤੇ ਨਕਸਲੀ ਕਹਿਣ ਵਾਲਿਆਂ 'ਤੇ ਪਲਟਵਾਰ
ਕਿਸਾਨਾਂ ਨੂੰ ਅੱਤਵਾਦੀ ਅਤੇ ਨਕਸਲੀ ਕਹਿਣ ਵਾਲਿਆਂ 'ਤੇ ਪਲਟਵਾਰ ਕਰਦਿਆਂ ਕਿਹਾ ਕਿ 80-80 ਸਾਲ ਦੇ ਬਜ਼ੁਰਗ ਜੋ ਕਿ ਇੱਕ ਤੋਂ ਢਾਈ ਏਕੜ ਦੀ ਜ਼ਮੀਨ ਦੇ ਮਾਲਿਕ ਹਨ ਉਹ ਧਰਨੇ ਵਿੱਚ ਹਨ ਕਿਉਂਕਿ ਉਹ ਆਪਣੀਆਂ ਅਗਲੀਆਂ ਪੀੜ੍ਹੀਆਂ ਦੇ ਭਵਿੱਖ ਲਈ ਲੜਾਈ ਲੜ ਰਹੇ ਹਨ।
ਹੁਣ ਸਮਾਂ ਪ੍ਰਧਾਨ ਮੰਤਰੀ ਖੇਤੀ ਕਾਨੂੰਨਾਂ ਦੇ ਮੁੱਦੇ ਨੂੰ ਗੰਭੀਰਤਾ ਨਾਲ ਲੈਣ
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਖਿਆਲ ਹੈ ਕਿ ਹੁਣ ਪ੍ਰਧਾਨ ਮੰਤਰੀ ਨੂੰ ਖੇਤੀ ਕਾਨੂੰਨਾਂ ਦੇ ਮਸਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਇਸ ਨੂੰ ਖਤਮ ਕਰਨਾ ਚਾਹੀਦਾ ਹੈ। ਨਵਾਂ ਕਾਨੂੰਨ ਕਿਸਾਨ ਜਥੇਬੰਦੀਆਂ ਦੇ ਸਲਾਹ ਮਸ਼ਵਰੇ ਨਾਲ ਬਣਾਇਆ ਜਾਵੇ ਕਿਉਂਕਿ ਦੇਸ਼ ਭਰ ਵਿੱਚ ਇਨ੍ਹਾਂ ਨੂੰ ਰੱਦ ਕਰਨ ਦੀ ਆਵਾਜ਼ ਉਠ ਰਹੀ ਹੈ।