ਚੰਡੀਗੜ੍ਹ: ਅਚਾਨਕ ਚਾਰ ਕੇਂਦਰੀ ਨੇਤਾਵਾਂ ਦੀ ਪੰਜਾਬ ਫੇਰੀ ਨਾਲ ਪੰਜਾਬ ਕਾਂਗਰਸ (Punjab Congress) ਵਿੱਚ ਆਏ ਰਾਜਸੀ ਭੁਚਾਲ ਦੇ ਵਿੱਚ ਵੱਡਾ ਸੁਆਲ ਖੜ੍ਹਾ ਹੋ ਗਿਆ ਹੈ ਕਿ ਕੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੀ ਮੁੱਖ ਮੰਤਰੀ ਦੀ ਕੁਰਸੀ ਬਰਕਰਾਰ ਰਹੇਗੀ? ਚਰਚਾਵਾਂ ਇਥੋਂ ਤੱਕ ਚੱਲ ਪਈਆਂ ਹਨ ਕਿ ਕੈਪਟਨ ਤੋਂ ਅਸਤੀਫਾ ਵੀ ਮੰਗ ਲਿਆ ਗਿਆ ਹੈ ਪਰ ਇੰਤਜਾਰ ਸਿਰਫ ਕੁਝ ਘੰਟਿਆਂ ਦਾ ਹੈ ਕਿ ਇਹ ਸੱਚਮੁੱਚ ਮੁੱਖ ਮੰਤਰੀ ਬਦਲਣ ਦੀ ਮੁਹਿੰਮ ਹੈ ਜਾਂ ਫੇਰ ਕੈਪਟਨ ਵਿਰੋਧੀ ਵਿਧਾਇਕਾਂ ਵੱਲੋਂ ਫੈਲਾਈ ਗੱਲ ਹੈ।
ਇਹ ਵੀ ਪੜੋ: ਸਿੱਧੂ ਦੇ ਸਲਾਹਕਾਰ ਵੱਲੋਂ ਕੈਪਟਨ ਦੀ ਅਗਵਾਈ 'ਤੇ ਸਵਾਲ, ਕਿਹਾ...
ਅਸਲ ਵਿੱਚ ਇਨ੍ਹਾਂ ਕਿਆਸ ਅਰਾਈਆਂ ਪਿੱਛੇ ਇੱਕ ਮਜਬੂਤ ਅਧਾਰ ਇਹ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਵਿੱਚ ਸੱਤਾ ‘ਤੇ ਕਾਬਜ ਕਾਂਗਰਸ ਪਾਰਟੀ ਦੇ ਅੱਧੇ ਦੇ ਕਰੀਬ ਵਿਧਾਇਕਾਂ ਨੇ ਹਾਈਕਮਾਂਡ ਨੂੰ ਮੰਗ ਪੱਤਰ ਭੇਜ ਕੇ ਕਾਂਗਰਸ ਵਿਧਾਇਕ ਦਲ (ਸੀਐਲਪੀ) ਦੀ ਮੀਟਿੰਗ ਬੁਲਾਉਣ ਦੀ ਮੰਗ ਕੀਤੀ ਹੈ। ਇਸੇ ਗੱਲ ਦੀ ਪੁਸ਼ਟੀ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਸ਼ੁੱਕਰਵਾਰ ਅੱਧੀ ਰਾਤ ਇੱਕ ਟਵੀਟ ਕਰਕੇ ਕਰ ਦਿੱਤੀ ਤੇ ਸ਼ਨੀਵਾਰ ਸ਼ਾਮ ਪੰਜ ਵਜੇ ਸਾਰੇ ਵਿਧਾਇਕਾਂ ਨੂੰ ਮੀਟਿੰਗ ਲਈ ਪੰਜਾਬ ਕਾਂਗਰਸ ਭਵਨ ਪੁੱਜਣ ਲਈ ਕਿਹਾ ਹੈ।
ਅਜਿਹੇ ਵਿੱਚ ਜੇਕਰ ਅੱਧੇ ਦੇ ਕਰੀਬ ਵਿਧਾਇਕ ਕੈਪਟਨ ਤੋਂ ਬਾਗ਼ੀ ਹੋ ਜਾਂਦੇ ਹਨ ਤਾਂ ਕੈਪਟਨ ਕੋਲ ਨਿਜੀ ਤੌਰ ‘ਤੇ ਵਿਧਾਨਸਭਾ ਵਿੱਚ ਵਿਧਾਇਕਾਂ ਦੀ ਲੋੜੀਂਦੀ ਗਿਣਤੀ ਘਟ ਜਾਏਗੀ ਤੇ ਪਾਰਟੀ ਨੂੰ ਵੀ ਅਜਿਹਾ ਵਿਅਕਤੀ ਮੁੱਖ ਮੰਤਰੀ ਲਈ ਲੱਭਣ ਦੀ ਲੋੜ ਪੈ ਜਾਏਗੀ, ਜਿਸ ਦੇ ਨਾਂ ‘ਤੇ ਸਾਰੇ ਵਿਧਾਇਕਾਂ ਦੀ ਸਹਿਮਤੀ ਹੋਵੇ। ਪਾਰਟੀ ਕੋਲ ਇਸ ਵੇਲੇ ਪੰਜਾਬ ਦੀਆਂ ਕੁਲ 117 ਸੀਟਾਂ ਵਿੱਚੋਂ 80 ਸੀਟਾਂ ਹਨ ਤੇ ਇਨ੍ਹਾਂ 80 ਵਧਾਇਕਾਂ ਵਿੱਚੋਂ ਅੱਧੇ ਦੇ ਕਰੀਬ ਵਿਧਾਇਕਾਂ ਵੱਲੋਂ ਹਾਈਕਮਾਂਡ ਨੂੰ ਚਿੱਠੀ ਲਿਖੀ ਦੱਸੀ ਜਾਂਦੀ ਹੈ।
ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਘਰ ਵਿਧਾਇਕਾਂ ਦੀ ਇੱਕ ਮੀਟਿੰਗ ਹੋਈ ਸੀ, ਜਿਸ ਵਿੱਚ 32 ਵਿਧਾਇਕਾਂ ਦੇ ਸ਼ਾਮਲ ਹੋਣ ਦੀ ਸੂਚਨਾ ਹੈ। ਹਾਲਾਂਕਿ ਕੈਪਟਨ ਵਿਰੋਧੀ ਧੜੇ ਦਾ ਦਾਅਵਾ ਸੀ ਕਿ ਉਸ ਮੀਟਿੰਗ ਵਿੱਚ 40 ਵਿਧਾਇਕ ਸਨ ਪਰ ਇਸੇ ਮੀਟਿੰਗ ਵਿੱਚ ਮੌਜੂਦ ਦੱਸੇ ਜਾਂਦੇ ਇੱਕ ਦਰਜਣ ਦੇ ਕਰੀਬ ਵਿਧਾਇਕਾਂ ਵੱਲੋਂ ਉਸੇ ਸ਼ਾਮ ਇੱਕ ਪ੍ਰੈਸ ਨੋਟ ਜਾਰੀ ਕਰਕੇ ਕਿਹਾ ਗਿਆ ਸੀ ਕਿ ਉਹ ਮੀਟਿੰਗ ਵਿੱਚ ਸ਼ਾਮਲ ਨਹੀਂ ਸੀ। ਹੁਣ ਫੇਰ 40 ਵਿਧਾਇਕਾਂ ਵੱਲੋਂ ਚਿੱਠੀ ਲਿਖੀ ਦੱਸੀ ਜਾ ਰਹੀ ਹੈ ਤੇ ਹਾਈਕਮਾਂਡ ਨੇ ਇੱਕ ਵੱਡੀ ਮੁਹਿੰਮ ਤਹਿਤ ਇੰਚਾਰਜ ਸਮੇਤ ਤਿੰਨ ਆਬਜਰਵਰ ਭੇਜੇ ਹਨ।
ਜਿਕਰਯੋਗ ਹੈ ਕਿ ਪਾਰਟੀ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖ਼ੜ ਨੇ ਇੱਕ ਟਵੀਟ ਕਰਕੇ ਰਾਹੁਲ ਗਾਂਧੀ ਦੀ ਤਰੀਫ ਕੀਤੀ ਹੈ ਤੇ ਕਿਹਾ ਹੈ ਕਿ ਇਹ ਸਿਕੰਦਰ ਵਰਗੀ ਮੁਹਿੰਮ ਹੈ। ਉਨ੍ਹਾਂ ਕਿਹਾ ਹੈ ਕਿ ਪੰਜਾਬ ਕਾਂਗਰਸ ਦਾ ਵਿਵਾਦ ਹੱਲ ਕਰਨ ਲਈ ਰਾਹੁਲ ਗਾਂਧੀ ਦੀ ਇਸ ਅਚਾਨਕ ਕਾਰਵਾਈ ਨਾਲ ਜਿੱਥੇ ਕਾਂਗਰਸ ਦੇ ਸਾਰੇ ਵਰਕਰ ਹੈਰਾਨ ਹਨ, ਉਥੇ ਹੀ ਅਕਾਲੀ ਦਲ ਦੀਆਂ ਵੀ ਚੂਲਾਂ ਹਿੱਲ ਗਈਆਂ ਹਨ। ਕਾਂਗਰਸ ਦੀ ਪੰਜਾਬ ਵਿੱਚ ਅੱਜ ਦੀ ਇਸ ਵੱਡੀ ਸਰਗਰਮੀ ਉਪਰੰਤ ਵੱਡੇ ਪੱਧਰ ‘ਤੇ ਹਿਲਜੁਲ ਹੋਈ ਹੈ। ਇਹ ਕਿਆਸ ਅਰਾਈਆਂ ਲਗਾਈਆਂ ਜਾਣ ਲੱਗ ਪਈਆਂ ਹਨ ਕਿ ਕੈਪਟਨ ਅਮਰਿੰਦਰ ਸਿੰਘ ਤੋਂ ਅਸਤੀਫਾ ਮੰਗ ਲਿਆ ਹੈ।
ਇਥੇ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਕੈਪਟਨ ਵੀ ਸਰਗਰਮ ਹੋ ਗਏ ਹਨ ਤੇ ਸੂਤਰ ਦੱਸਦੇ ਹਨ ਕਿ ਉਨ੍ਹਾਂ ਕਾਂਗਰਸ ਵਿੱਚ ਬੈਠੇ ਕੇਂਦਰੀ ਆਗੂਆਂ ਨਾਲ ਗੱਲਬਾਤ ਕੀਤੀ ਹੈ। ਇਹ ਵੀ ਪਤਾ ਲੱਗਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨਾਲ ਵੀ ਫੋਨ ‘ਤੇ ਗੱਲਬਾਤ ਕੀਤੀ ਹੈ। ਕੈਪਟਨ ਵੱਲੋਂ ਸਾਬਕਾ ਕੇਂਦਰੀ ਮੰਤਰੀ ਕਮਲ ਨਾਥ ਨਾਲ ਗੱਲ ਕੀਤੀ ਦੱਸੀ ਜਾਂਦੀ ਹੈ। ਇੱਕ ਨਿਊਜ਼ ਚੈਨਲ ਦਾ ਦਾਅਵਾ ਹੈ ਕਿ ਕੈਪਟਨ ਨੇ ਸੋਨੀਆ ਗਾਂਧੀ ਨਾਲ ਗੱਲਬਾਤ ਕੀਤੀ ਹੈ। ਇਸ ਤੋਂ ਇਲਾਵਾ ਕੇਂਦਰ ਤੋਂ ਆ ਰਹੇ ਆਬਜਰਵਰ ਅਜੈ ਮਾਕਨ ਦੇ ਹਵਾਲੇ ਤੋਂ ਖਬਰਾਂ ਨਸ਼ਰ ਹੋ ਰਹੀ ਹੈ ਕਿ ਪੰਜਾਬ ਵਿੱਚ ਸਭ ਕੁਝ ਠੀਕ ਹੈ। ਉਨ੍ਹਾਂ ਕਿਹਾ ਹੈ ਕਿ ਉਹ ਪੰਜਾਬ ਲਈ ਜਾ ਰਹੇ ਹਨ ਤੇ ਪਾਰਟੀ ਵਿੱਚ ਸਭ ਕੁਝ ਠੀਕ ਹੈ।