ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਪੰਜਾਬ ਵਿਧਾਨ ਸਭਾ 'ਚ ਅਕਾਲੀ ਦਲ ਦੇ ਵਿਧਾਇਕ ਦਲ ਦੇ ਨੇਤਾ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਆਪਣੇ ਅਸਤੀਫ਼ੇ ਨੂੰ ਲੈ ਕੇ ਪਰਮਿੰਦਰ ਸਿੰਘ ਢੀਂਡਸਾ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਕਈ ਵੱਡੇ ਖੁਲਾਸੇ ਕੀਤੇ ਹਨ।
ਪਰਮਿੰਦਰ ਢੀਂਡਸਾ ਨੇ ETV ਭਾਰਤ ਨਾਲ ਕੀਤੀ ਖ਼ਾਸ ਗੱਲਬਾਤ, ਕੀਤੇ ਵੱਡੇ ਖੁਲਾਸੇ - parminder dhindsa resignation
ਪੰਜਾਬ ਵਿਧਾਨ ਸਭਾ 'ਚ ਅਕਾਲੀ ਦਲ ਦੇ ਵਿਧਾਇਕ ਦਲ ਦੇ ਨੇਤਾ ਦੇ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਪਰਮਿੰਦਰ ਸਿੰਘ ਢੀਂਡਸਾ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ।
ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਮੇਰੀ ਅਸਲੀ ਸਿਆਸਤ ਦੀ ਅਗਨੀ ਪ੍ਰੀਖਿਆ ਹੁਣ ਸ਼ੁਰੂ ਹੋਈ ਹੈ। ਹੁਣ ਤੱਕ ਤਾਂ ਸਿਆਸਤ ਇੱਕ ਸੁਖਾਵੇਂ ਪੈਟਰਨ 'ਚ ਹੀ ਚੱਲ ਰਹੀ ਸੀ। ਅਸਤੀਫ਼ੇ ਨੂੰ ਲੈ ਕੇ ਉਨ੍ਹਾਂ ਨੇ ਦੱਸਿਆ ਕਿ ਆਪਣੇ ਪਿਤਾ ਤੋਂ ਸਹਿਮਤ ਹੋ ਕੇ ਉਨ੍ਹਾਂ ਨੇ ਇਹ ਫ਼ੈਸਲਾ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਪਾਰਟੀ ਵਿੱਚ ਚੰਗੇ ਮਾੜੇ ਸਮੇਂ 'ਚ ਖੜ੍ਹੇ ਰਹਿ ਕੇ ਕੰਮ ਕੀਤਾ ਹੈ ਤੇ ਸਾਡੇ ਵੱਲੋਂ ਚੁੱਕੇ ਗਏ ਕਦਮਾਂ ਨਾਲ ਪਾਰਟੀ ਨੂੰ ਮਜ਼ਬੂਤੀ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਮੇਰੀ ਕਿਸੇ ਨਾਲ ਕੋਈ ਨਿੱਜੀ ਲੜਾਈ ਨਹੀਂ ਹੈ, ਪਾਰਟੀ ਦੇ ਵਿੱਚ ਕੁਝ ਸੋਧ ਕਰਨ ਦੀ ਲੋੜ ਹੈ। ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਨੇ ਮੈਨੂੰ ਕਦੇ ਵੀ ਪ੍ਰਾਪਰਟੀ ਤੋਂ ਬੇਦਖ਼ਲ ਕਰਨ ਬਾਰੇ ਨਹੀਂ ਕਿਹਾ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਬੇਅਦਬੀ 'ਤੇ ਡੇਰਾ ਮੁਖੀ ਨੂੰ ਮੁਆਫ਼ੀ ਦੇਣ ਵਾਲੀ ਘਟਨਾ ਨੂੰ ਚੰਗੀ ਤਰ੍ਹਾਂ ਹੈਂਡਲ ਕੀਤਾ ਜਾ ਸਕਦਾ ਸੀ।
ਉਨ੍ਹਾਂ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਮੈਨੂੰ ਸੋਚਣ ਸਮਝਣ ਲਈ ਸਮਾਂ ਦਿੱਤਾ ਸੀ, ਇਸ ਤੋਂ ਮੈਂ ਇਨਕਾਰ ਨਹੀਂ ਕਰਦਾ ਤੇ ਮੈਨੂੰ ਪੂਰਾ ਮਾਣ ਸਤਿਕਾਰ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਮੈਨੂੰ ਅਜਿਹੀ ਪ੍ਰੀਖਿਆਵਾਂ ਚੋਂ ਮਜ਼ਬੂਤ ਹੋਣ ਤੇ ਸਿੱਖਣ ਨੂੰ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਦੀ ਵਿਚਾਰਧਾਰਾ ਮਜ਼ਬੂਤ ਹੋਵੇਗੀ ਤਾਂ ਪਾਰਟੀ ਮਜ਼ਬੂਤ ਹੋਵੇਗੀ, ਇਸ ਲਈ ਲੋਕਾਂ ਦਾ ਵਿਸ਼ਵਾਸ ਜਿੱਤਣਾ ਬਹੁਤ ਜ਼ਰੂਰੀ ਹੈ।