ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਨੂੰ ਬਲੱਡਮੈਨ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਆਮ ਤੌਰ 'ਤੇ ਵਿਦਿਆਰਥੀ ਯੂਨੀਵਰਸਿਟੀ ਜਾਂ ਕਾਲਜ ਵਿੱਚ ਪੜ੍ਹਾਈ ਕਰ ਚੰਗੇ ਅਹੁਦਿਆਂ 'ਤੇ ਲੱਗਣ ਦਾ ਸੁਪਨਾ ਲੈਂਦੇ ਹਨ ਪਰ ਸੁਖਮਨ ਨਾਂਅ ਦੇ ਵਿਦਿਆਰਥੀ ਨੇ ਆਪਣੀ ਜਿੰਦਗੀ 'ਚ ਲੋਕਾਂ ਦਾ ਭਲਾ ਕਰਨ ਦੇ ਮਕਸਦ ਨਾਲ ਖ਼ੂਨਦਾਨ ਕਰਨਾ ਸ਼ੁਰੂ ਕਰ ਦਿੱਤਾ। ਹੁਣ ਯੂਨੀਵਰਸਿਟੀ ਵਿੱਚ ਉਸ ਨੂੰ ਤੁਰਦਾ ਫਿਰਦਾ ਬਲੱਡਮੈਨ ਕਿਹਾ ਜਾਂਦਾ ਹੈ।
ਇਸ ਮੌਕੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕਰਦਿਆਂ ਸੁਖਮਨ ਨੇ ਦੱਸਿਆ ਕਿ ਉਹ ਮੈਡੀਕਲ ਦਾ ਸਟੂਡੈਂਟ ਰਿਹਾ ਪਰ ਯੂਨੀਵਰਸਿਟੀ ਆ ਕੇ ਬੀਏ ਵਿੱਚ ਦਾਖ਼ਲਾ ਲਿਆ। ਉਸ ਨੇ ਦੱਸਿਆ ਕਿ ਇੱਕ ਵਾਰ ਕਿਸੇ ਨੂੰ ਖ਼ੂਨ ਦੀ ਜ਼ਰੂਰਤ ਸੀ ਅਤੇ ਉਹ ਉਸ ਨੂੰ ਖ਼ੂਨ ਦੇਣ ਲਈ ਉਥੇ ਗਿਆ। ਉਸ ਦਿਨ ਪੀਜੀਆਈ ਵਿੱਚ ਅਹਿਸਾਸ ਹੋਇਆ ਕਿ ਅਜਿਹੇ ਕਈ ਹੋਰ ਵੀ ਮਰੀਜ਼ ਹੋਣਗੇ ਜਿੰਨਾ ਨੂੰ ਖ਼ੂਨ ਦੀ ਲੋੜ ਹੁੰਦੀ ਹੋਵੇਗੀ ਪਰ ਉਨ੍ਹਾਂ ਨੂੰ ਮਿਲਦਾ ਨਹੀਂ ਹੋਣਾ। ਇਸ ਤੋਂ ਬਾਅਦ ਉਸ ਨੇ ਵੱਧ ਤੋਂ ਵੱਧ ਖੂਨਦਾਨ ਕਰਨ ਨੂੰ ਹੀ ਆਪਣਾ ਟੀਚਾ ਬਣਾ ਲਿਆ।