ਨਵੀਂ ਦਿੱਲੀ:ਇੰਟਰਪੋਲ ਨੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ (Sidhu Moose Wala Murder) ਦੀ ਜ਼ਿੰਮੇਵਾਰੀ ਲੈਣ ਵਾਲੇ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਵਿਰੁੱਧ ਸੀਬੀਆਈ ਦੀ ਅਪੀਲ ’ਤੇ 8 ਦਿਨਾਂ ਦੇ ਅੰਦਰ ਅੰਦਰ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੈ, ਗੈਂਗਸਟਰ ਗੋਲਡੀ ਬਰਾੜ ਇਸ ਸਮੇਂ ਕੈਨੇਡਾ ਵਿੱਚ ਰਹਿ ਰਿਹਾ ਹੈ, ਜਿਸ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ।
ਇਹ ਵੀ ਪੜੋ:Sidhu Moose Wala Murder: ਜਾਣੋ, ਕੌਣ ਹੈ ਸ਼ਾਰਪ ਸ਼ੂਟਰ ਸੌਰਭ ਮਹਾਕਾਲ ? ਸਿੱਧੂ ਮੂਸੇਵਾਲਾ ਨਾਲ ਕੀ ਸਬੰਧ ?
2017 ਤੋਂ ਕੈਨੇਡਾ ਵਿੱਚ ਹੈ ਗੈਂਗਸਟਰ ਗੋਲਡੀ ਬਰਾੜ:ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਦੋ ਪੁਰਾਣੇ ਕੇਸਾਂ ਦੇ ਸਬੰਧ ਵਿੱਚ ਗੈਂਗਸਟਰ ਗੋਲਡੀ ਬਰਾੜ ਖਿਲਾਫ 30 ਮਈ ਨੂੰ ਰੈੱਡ ਕਾਰਨਰ ਨੋਟਿਸ ਦੀ ਮੰਗ ਕੀਤੀ ਸੀ। ਸ੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਗੋਲਡੀ ਬਰਾੜ 2017 ਵਿੱਚ ਸਟੂਡੈਂਟ ਵੀਜ਼ੇ ’ਤੇ ਕੈਨੇਡਾ ਗਿਆ ਸੀ ਅਤੇ ਪੰਜਾਬ ਪੁਲਿਸ ਅਨੁਸਾਰ ਉਹ ਲਾਰੈਂਸ ਬਿਸ਼ਨੋਈ ਗਰੋਹ ਦਾ ਸਰਗਰਮ ਮੈਂਬਰ ਹੈ। ਮੂਸੇਵਾਲਾ ਦਾ ਕਤਲ ਕਥਿਤ ਤੌਰ 'ਤੇ ਅਕਾਲੀ ਨੌਜਵਾਨ ਆਗੂ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣ ਲਈ ਕੀਤਾ ਗਿਆ ਸੀ।
ਪੰਜਾਬ ਪੁਲਿਸ ਨੇ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਦੀ ਰੱਖੀ ਸੀ ਮੰਗ: ਪੰਜਾਬ ਪੁਲਿਸ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਉਸਨੇ 27 ਸਾਲਾ ਗਾਇਕ ਦੀ ਬੇਰਹਿਮੀ ਨਾਲ ਹੱਤਿਆ ਦੇ ਸਬੰਧ ਵਿੱਚ ਹੁਣ ਤੱਕ ਅੱਠ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਸੀਬੀਆਈ, ਜੋ ਕਿ ਇੰਟਰਪੋਲ ਨਾਲ ਦੇਸ਼ ਦੀ ਸੰਪਰਕ ਏਜੰਸੀ ਹੈ, ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਪੰਜਾਬ ਪੁਲਿਸ ਨੇ ਗਾਇਕ ਦੀ ਹੱਤਿਆ ਤੋਂ ਇਕ ਦਿਨ ਬਾਅਦ 30 ਮਈ ਨੂੰ ਗੋਲਡੀ ਬਰਾੜ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਦੀ ਮੰਗ ਕੀਤੀ ਸੀ।
ਸੀਬੀਆਈ ਨੇ ਕਿਹਾ ਕਿ ਬਿਊਰੋ ਆਫ਼ ਇਨਵੈਸਟੀਗੇਸ਼ਨ, ਪੰਜਾਬ ਪੁਲਿਸ ਤੋਂ 30 ਮਈ ਨੂੰ ਦੁਪਹਿਰ 12.25 ਵਜੇ ਇੱਕ ਈਮੇਲ ਰਾਹੀਂ ਇੱਕ ਸੰਚਾਰ ਪ੍ਰਾਪਤ ਹੋਇਆ ਸੀ ਜਿਸ ਵਿੱਚ 19 ਮਈ ਦੀ ਇੱਕ ਚਿੱਠੀ ਵੀ ਸ਼ਾਮਲ ਸੀ ਜਿਸ ਵਿੱਚ ਪੰਜਾਬ ਵੱਲੋਂ ਦਰਜ ਕੀਤੀਆਂ ਦੋ ਐਫਆਈਆਰਜ਼ ਵਿੱਚ ਗੋਲਡੀ ਬਰਾੜ ਵਿਰੁੱਧ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਦੀ ਮੰਗ ਕੀਤੀ ਗਈ ਸੀ। ਦੱਸ ਦਈਏ ਕਿ ਪੰਜਾਬ ਪੁਲਿਸ ਨੇ FIR ਨੰ. 409 ਮਿਤੀ 12 ਨਵੰਬਰ 2020 ਅਤੇ ਐਫ.ਆਈ.ਆਰ ਨੰ. 44 ਮਿਤੀ 18 ਫਰਵਰੀ, 2021 - ਸਿਟੀ ਪੁਲਿਸ ਸਟੇਸ਼ਨ, ਫਰੀਦਕੋਟ ਵਿਖੇ ਦਰਜ ਕੀਤੀ ਹੈ।