ਚੰਡੀਗੜ੍ਹ: ਭਾਰਤ ਦੀ ਹਰਨਾਜ਼ ਸੰਧੂ ਨੇ ਮਿਸ ਯੂਨੀਵਰਸ 2021 (Miss Universe 2021) ਦਾ ਖਿਤਾਬ ਜਿੱਤ ਲਿਆ ਹੈ। 70ਵਾਂ ਮਿਸ ਯੂਨੀਵਰਸ ਮੁਕਾਬਲਾ ਇਸ ਸਾਲ 12 ਦਸੰਬਰ ਨੂੰ ਇਜ਼ਰਾਈਲ ਵਿੱਚ ਹੋਇਆ। ਇਸ ਮੁਕਾਬਲੇ ਦੇ ਸ਼ੁਰੂਆਤੀ ਪੜਾਅ ਵਿੱਚ 75 ਤੋਂ ਵੱਧ ਸੁੰਦਰ ਅਤੇ ਪ੍ਰਤਿਭਾਸ਼ਾਲੀ ਔਰਤਾਂ ਨੇ ਭਾਗ ਲਿਆ, ਪਰ ਤਿੰਨ ਦੇਸ਼ਾਂ ਦੀਆਂ ਔਰਤਾਂ ਨੇ ਟਾਪ 3 ਵਿੱਚ ਥਾਂ ਬਣਾਈ, ਜਿਸ ਵਿੱਚ ਭਾਰਤ ਦੀ ਹਰਨਾਜ਼ ਸੰਧੂ ਵੀ ਸ਼ਾਮਲ ਸੀ।
ਦੱਸ ਦਈਏ ਕਿ ਇਹ ਖਿਤਾਬ 21 ਸਾਲ ਬਾਅਦ ਭਾਰਤ ਦੇ ਝੋਲੀ ਵਿੱਚ ਆਇਆ ਹੈ। ਸਾਲ 2000 'ਚ ਬਾਲੀਵੁੱਡ ਅਦਾਕਾਰਾ ਲਾਰਾ ਦੱਤਾ ਨੇ ਇਹ ਖਿਤਾਬ ਜਿੱਤਿਆ ਸੀ। ਫਿਲਮ ਅਦਾਕਾਰਾ ਉਰਵਸ਼ੀ ਰੌਤੇਲਾ ਨੂੰ ਇਸ ਵਾਰ ਜੱਜਿੰਗ ਪੈਨਲ ਵਿੱਚ ਸ਼ਾਮਲ ਕੀਤਾ ਗਿਆ ਸੀ।
ਮੁਕਾਬਲੇ 'ਚ ਜੱਜ ਨੇ ਹਰਨਾਜ਼ ਦਾ ਉਹ ਜਵਾਬ ਬਹੁਤ ਜ਼ਬਰਦਸਤ ਪਾਇਆ, ਜਿਸ ਦੇ ਆਧਾਰ 'ਤੇ ਹਰਨਾਜ਼ ਦੇ ਸਿਰ 'ਤੇ ਮਿਸ ਯੂਨੀਵਰਸ 2021 ਦਾ ਤਾਜ ਸਜਾਇਆ ਗਿਆ। ਟਾਪ ਤਿੰਨ ਦੇ ਵਿੱਚ ਪਹੁੰਚਣ ਵਾਲੇ ਤਿੰਨੋਂ ਮੁਕਾਬਲਿਆਂ ਕੋਲੋਂ ਜੱਜ ਨੇ ਸਵਾਲ ਕੀਤਾ ਕਿ ਤੁਸੀਂ ਦਬਾਅ ਦਾ ਸਾਹਮਣਾ ਕਰ ਰਹੀਆਂ ਔਰਤਾਂ ਨੂੰ ਕੀ ਸਲਾਹ ਦੇਣਾ ਚਾਹੋਗੇ? ਇਸ 'ਤੇ ਹਰਨਾਜ਼ ਸੰਧੂ ਨੇ ਜਵਾਬ ਦਿੱਤਾ ਕਿ ਤੁਹਾਨੂੰ ਇਹ ਮੰਨਣਾ ਪਏਗਾ ਕਿ ਤੁਸੀਂ ਵੱਖਰੇ ਹੋ ਅਤੇ ਇਹੀ ਤੁਹਾਨੂੰ ਦੂਜਿਆਂ ਤੋਂ ਸੁੰਦਰ ਅਤੇ ਵੱਖਰਾ ਬਣਾਉਂਦਾ ਹੈ, ਇਸ ਲਈ ਬਾਹਰ ਆਓ, ਆਪਣੇ ਲਈ ਬੋਲਣਾ ਸਿੱਖੋ, ਕਿਉਂਕਿ ਤੁਸੀਂ ਆਪਣੀ ਜ਼ਿੰਦਗੀ ਦੇ ਲੀਡਰ ਹੋ।
ਕੌਣ ਹੈ ਹਰਨਾਜ਼ ਸੰਧੂ?
ਹਰਨਾਜ਼ ਸੰਧੂ ਚੰਡੀਗੜ੍ਹ, ਪੰਜਾਬ ਦੀ ਰਹਿਣ ਵਾਲੀ ਹੈ ਅਤੇ ਇੱਕ ਮਾਡਲ ਹੈ। 21 ਸਾਲਾ ਮਿਸ ਯੂਨੀਵਰਸ ਨੇ ਪੜ੍ਹਾਈ ਦੇ ਨਾਲ-ਨਾਲ ਮਾਡਲਿੰਗ ਵੱਲ ਵੀ ਪੂਰਾ ਧਿਆਨ ਦਿੱਤਾ। ਹਰਨਾਜ਼ ਸਾਲ 2017 ਵਿੱਚ ਮਿਸ ਚੰਡੀਗੜ੍ਹ ਬਣੀ ਸੀ। ਇਸ ਤੋਂ ਬਾਅਦ ਉਸ ਨੇ ਮਿਸ ਮੈਕਸ ਐਮਰਜਿੰਗ ਸਟਾਰ ਇੰਡੀਆ ਦਾ ਖਿਤਾਬ ਜਿੱਤਿਆ। ਸਾਲ 2019 ਵਿੱਚ, ਹਰਨਾਜ਼ ਨੇ ਮਿਸ ਇੰਡੀਆ ਮੁਕਾਬਲੇ ਵਿੱਚ ਹਿੱਸਾ ਲਿਆ। ਉਹ ਇਸ ਮੁਕਾਬਲੇ ਵਿੱਚ ਸਿਖਰਲੇ 12 ਵਿੱਚ ਪਹੁੰਚ ਸਕੀ ਸੀ।