ਚੰਡੀਗੜ੍ਹ: ਇੰਡੀਅਨ ਆਇਲ ਕਾਰਪੋਰੇਸ਼ਨ ਨੇ ਐੱਮਓਯੋ ਨਾਲ ਸਮਝੌਤਾ ਕਰ ਲਿਆ ਹੈ। ਇਸ ਤਹਿਤ ਇੰਡੀਅਨ ਆਇਲ ਕਾਰਪੋਰੇਸ਼ਨ ਵੱਲੋਂ ਸਹਿਕਾਰੀ ਅਦਾਰਿਆਂ ਦੀ ਖ਼ਾਲੀ ਪਈ ਜ਼ਮੀਨਾਂ 'ਤੇ 15 ਪੈਟਰੋਲ ਪੰਪ ਖੋਲ੍ਹੇ ਜਾਣਗੇ।
ਸਹਿਕਾਰਤਾ ਵਿਭਾਗ ਦੀ ਇਸ ਪਹਿਲ ਨਾਲ ਕਿਸਾਨਾਂ ਨੂੰ ਡੀਜ਼ਲ ਤੇ ਪੈਟਰੋਲ ਦੀ ਸਪਲਾਈ ਉਧਾਰ ਕੀਤੀ ਜਾਵੇਗੀ। ਇਸ ਦੇ ਨਾਲ ਹੀ ਫ਼ਸਲ ਦੀ ਅਦਾਇਗੀ ਤੋਂ ਬਾਅਦ ਕਿਸਾਨ ਪੈਟਰੋਲ ਤੇ ਡੀਜ਼ਲ ਦੀ ਰਕਮ ਦੇ ਸਕਦੇ ਹਨ।
ਇਸ ਸਬੰਧੀ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕਿਸਾਨਾਂ ਨੂੰ ਸਿੱਧਾ ਫ਼ਾਇਦਾ ਦੇਣ ਲਈ ਸਹਿਕਾਰਤਾ ਵਿਭਾਗ ਅਧੀਨ ਆਉਂਦੇ ਸਹਿਕਾਰੀ ਅਦਾਰਿਆਂ ਮਾਰਕਫ਼ੈਡ, ਮਿਲਕਫ਼ੈਡ, ਸ਼ੂਗਰਫੈਡ ਤੇ ਪੇਂਡੂ ਖੇਤੀਬਾੜੀ ਸੁਸਾਇਟੀਆਂ ਦੀਆਂ ਖ਼ਾਲੀ ਪਈਆਂ ਜ਼ਮੀਨਾਂ 'ਤੇ ਇਹ ਪੰਪ ਖੋਲ੍ਹੇ ਜਾਣਗੇ।
ਸਹਿਕਾਰਤਾ ਮੰਤਰੀ ਨੇ ਦੱਸਿਆ ਕਿ ਰਿਟੇਲ ਆਊਟਲੈਟਸ ਦੀ ਸਥਾਪਨਾ ਲਈ ਪੂੰਜੀ ਦਾ ਨਿਵੇਸ਼ ਇੰਡੀਅਨ ਆਇਲ ਕਾਰਪੋਰੇਸ਼ਨ ਵੱਲੋਂ ਹੀ ਕੀਤਾ ਜਾਵੇਗਾ, ਜਦੋਂ ਕਿ ਜ਼ਮੀਨ ਸਹਿਕਾਰਤਾ ਵਿਭਾਗ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਹੈ।