ਪੰਜਾਬ 'ਚ ਕਿਉਂ ਵੱਧ ਰਹੀਆਂ ਹਨ ਬਲੱਡ ਪ੍ਰੈਸ਼ਰ ਨਾਲ ਮੌਤਾਂ ? - punjab
ਪੰਜਾਬ ਵਿੱਚ ਹਾਈਪਰਟੈਨਸ਼ਨ ਤੇ ਸਟ੍ਰੋਕ ਵਰਗੀਆਂ ਬਿਮਾਰੀਆਂ ਦੇ ਨੌਜਵਾਨ ਹੋ ਰਹੇ ਹਨ ਸ਼ਿਕਾਰ। ਬਿਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਿੱਚ ਹੋ ਰਿਹਾ ਹੈ ਵਾਧਾ।
ਚੰਡੀਗੜ੍ਹ: ਅੱਜਕੱਲ੍ਹ ਦੀ ਭੱਜ ਦੌੜ ਵਾਲੀ ਜ਼ਿੰਦਗੀ 'ਚ ਲੋਕਾਂ ਕੋਲ ਆਪਣਾ ਖ਼ਿਆਲ ਰੱਖਣ ਲਈ ਸਮਾਂ ਹੀ ਨਹੀਂ ਹੈ। ਇਸ ਦੇ ਚੱਲਦਿਆਂ ਲੋਕ ਖ਼ਾਣਾ-ਪੀਣਾ ਸਹੀ ਢੰਗ ਨਾਲ ਨਹੀਂ ਖਾਂਦੇ ਜਿਸ ਕਰਕੇ ਉਹ ਹਾਈਪਰਟੈਨਸ਼ਨ ਤੇ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਬਿਮਾਰੀਆਂ ਨੂੰ ਸੱਦਾ ਦੇ ਦਿੰਦੇ ਹਨ। ਪੰਜਾਬ ਵਿੱਚ ਹਾਈਪਰਟੈਨਸ਼ਨ ਤੇ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਬਿਮਾਰੀਆਂ ਕਾਰਨ ਮੌਤਾਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ।
ਇਸ ਸਬੰਧੀ ਗੈਰ-ਸੰਭਾਵੀ ਬਿਮਾਰੀ ਦੇ ਮਾਹਿਰ ਡਾ. ਸੁਭੋਜਿਤ ਡੇ ਮਾਹਿਰਾਂ ਨੇ ਹਾਈਪਰਟੈਨਸ਼ਨ ਤੇ ਟ੍ਰਾਂਸ ਫੈਟ ਨੂੰ ਲੈ ਕੇ ਹੋਏ ਸ਼ੋਧਾਂ 'ਤੇ ਆਧਾਰਿਤ ਆਪਣੀ ਰਿਪੋਰਟ ਪੇਸ਼ ਕੀਤੀ ਹੈ। ਰਿਪੋਰਟ ਵਿੱਚ ਦੱਸਿਆ ਕਿ ਜ਼ਿਆਦਾ ਮਾਤਰਾ ਵਿੱਚ ਟ੍ਰਾਂਸ ਫੈਟ ਵਾਲਾ ਖਾਣਾ ਖਾਣ ਕਾਰਨ ਹਰ ਸਾਲ ਪੰਜਾਬ 'ਚ 2300 ਲੋਕਾਂ ਦੀ ਮੌਤ ਹੋ ਜਾਂਦੀ ਹੈ ਜਿਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਦਾ।
ਪੰਜਾਬ ਦੀ 40 ਫ਼ੀਸਦੀ ਤੋਂ ਵੱਧ ਆਬਾਦੀ ਹਾਈ ਬਲੱਡ ਪ੍ਰੈਸ਼ਰ ਨਾਲ ਜੂਝ ਰਹੀ ਹੈ ਤੇ ਬਾਕੀ 40 ਫ਼ੀਸਦੀ ਤੋਂ ਵੱਧ ਆਬਾਦੀ 'ਚ ਹਾਈ ਬਲੱਡ ਪ੍ਰੈਸ਼ਰ ਦੇ ਸ਼ਿਕਾਰ ਹੋਣ ਦੇ ਲਛਣ ਕਾਫ਼ੀ ਜ਼ਿਆਦਾ ਹਨ। ਇਸ ਦੇ ਨਾਲ ਹੀ ਮਾਹਿਰਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਵਨਸਪਤੀ ਘਿਓਦੀ ਵਰਤੋਂ ਜ਼ਿਆਦਾ ਕੀਤੀ ਜਾਂਦੀ ਹੈ ਤੇ ਲੋਕ ਮਸਾਲੇਦਾਰ ਭੋਜਨ ਖਾਣਾ ਪਸੰਦ ਕਰਦੇ ਹਨ। ਇਸ ਕਾਰਨ ਸਿਹਤ ਨੂੰ ਕਾਫ਼ੀ ਨੁਕਸਾਨ ਹੁੰਦਾ ਹੈ ਤੇ ਵੱਧ ਤੋਂ ਵੱਧ ਬਿਮਾਰੀਆਂ ਲੱਗਦੀਆਂ ਹਨ।
ਉਨ੍ਹਾਂ ਕਿਹਾ ਕਿ ਆਉਣ ਵਾਲੀ ਪੀੜ੍ਹੀ ਦੀ ਚੰਗੀ ਸਿਹਤ ਤੇ ਹਾਈ ਬਲੱਡ ਪ੍ਰੈਸ਼ਰ ਨਾਲ ਹੋਣ ਵਾਲੀ ਮੌਤਾਂ ਨੂੰ ਰੋਕਣ ਲਈ ਜ਼ਰੂਰੀ ਹੈ ਕਿ ਉਦਯੋਗਿਕ ਰੂਪ ਤੋਂ ਉਤਪਾਦਿਤ ਟ੍ਰਾਂਸ ਫੈਟੀ ਏਸਿਡਜ਼ ਨੂੰ ਆਪਣੀ ਭੋਜਨ ਪ੍ਰਣਾਲੀ ਤੋਂ ਬਾਹਰ ਕੀਤਾ ਜਾਵੇ।