ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਬੇਟੇ ਰਣਇੰਦਰ ਸਿੰਘ ਦੇ ਖਿਲਾਫ਼ ਲੁਧਿਆਣਾ ਦੀ ਅਦਾਲਤ ਵਿੱਚ ਇਨਕਮ ਟੈਕਸ ਦੀ ਸ਼ਿਕਾਇਤ 'ਤੇ ਕੇਸ ਚੱਲ ਰਿਹਾ ਹੈ। ਇਸ ਕੇਸ ਨੂੰ ਲੈਕੇ ਲੁਧਿਆਣਾ ਦੀ ਅਦਾਲਤ ਵਲੋਂ ਅੰਤਿਮ ਫ਼ੈਸਲਾ ਸੁਣਾਉਣ 'ਤੇ ਹਾਈਕੋਰਟ ਨੇ ਅਗਲੇ ਆਦੇਸ਼ਾਂ ਤੱਕ ਰੋਕ ਲਗਾ ਦਿੱਤੀ ਹੈ।
ਹਾਈ ਕੋਰਟ ਨੇ ਇਹ ਆਦੇਸ਼ ਇਨਕਮ ਟੈਕਸ ਵਿਭਾਗ ਦੀ ਅਰਜ਼ੀ 'ਤੇ ਹੀ ਦਿੱਤੇ ਹਨ। ਇਨਕਮ ਟੈਕਸ ਵਿਭਾਗ ਨੇ ਹਾਈ ਕੋਰਟ 'ਚ ਅਰਜ਼ੀ ਦਾਖ਼ਲ ਕਰ ਦੱਸਿਆ ਕਿ ਲੁਧਿਆਣਾ ਦੀ ਅਦਾਲਤ ਨੇ ਇਸ ਕੇਸ 'ਚ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੇ ਬੇਟੇ ਨੂੰ 2017 ਵਿੱਚ ਸੰਮਨ ਕੀਤਾ ਸੀ। ਜਦੋਂ ਉਨ੍ਹਾਂ ਦੋਵਾਂ ਵਲੋਂ ਸੰਮਨ ਦੇ ਆਦੇਸ਼ਾਂ ਨੂੰ ਚੁਣੌਤੀ ਦਿੱਤੀ ਗਈ ਤਾਂ ਉਨ੍ਹਾਂ ਦੀ ਸੰਮਨ ਦੇ ਆਦੇਸ਼ ਰੱਦ ਕਰ ਦਿੱਤੇ ਗਏ ਸੀ।
ਵਿਭਾਗ ਦਾ ਕਹਿਣਾ ਕਿ ਸੰਮਨ ਆਦੇਸ਼ ਰੱਦ ਕਰਨ ਦੇ ਖਿਲਾਫ਼ ਇਨਕਮ ਟੈਕਸ ਵਿਭਾਗ ਨੇ ਸਾਲ 2019 'ਚ ਹਾਈਕੋਰਟ ਦਾ ਰੁਖ ਕੀਤਾ ਸੀ। ਹਾਈ ਕੋਰਟ ਨੇ ਤਾਂ ਇਸ ਕੇਸ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਬੇਟੇ ਰਣਇੰਦਰ ਸਿੰਘ ਨੂੰ ਨੋਟਿਸ ਜਾਰੀ ਕਰ ਦਿੱਤਾ ਸੀ।