ਚੰਡੀਗੜ:ਨੌਜਵਾਨਾਂ ਨੂੰ ਨਿਸ਼ਾਨੇ ਦੀ ਪ੍ਰਾਪਤੀ ਲਈ ਸਖਤ ਮਿਹਨਤ, ਦ੍ਰਿੜ ਇਰਾਦੇ ਤੇ ਸਮਰਪਣ ਭਾਵਨਾ ਨਾਲ ਆਪਣ ਕੰਮ ਕਰਨਾ ਚਾਹੀਦਾ ਹੈ। ਟੀਚਾ ਕਿੰਨਾ ਵੀ ਮੁਸ਼ਕਲ ਹੋਵੇ, ਉਹ ਅਸੰਭਵਨ ਨਹੀਂ ਹੁੰਦਾ ਜਿਸ ਲਈ ਹਾਂਪੱਖੀ ਰਵੱਈਆ ਨਹੀਂ ਛੱਡਣਾ ਚਾਹੀਦਾ। ਹਰ ਬੱਚੇ ਅੰਦਰ ਹੁਨਰ ਛੁਪਿਆ ਹੁੰਦਾ ਹੈ, ਲੋੜ ਹੈ ਇਸ ਦੀ ਸ਼ਨਾਖਤ ਕਰਕੇ ਤਰਾਸ਼ਣ ਦੀ। ਪ੍ਰਾਇਮਰੀ ਤੋਂ ਹੀ ਬੱਚਿਆਂ ਦੀ ਕਰੀਅਰ ਕਾਊਂਸਿੰਗ ਕਰਨੀ ਚਾਹੀਦੀ ਹੈ। ਇਹ ਗੱਲ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਐਜੂਸੈਟ ਰਾਹੀਂ ਸੂਬੇ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਆਪਣੇ ਸੰਬੋਧਨ ਵਿੱਚ ਕਹੀ।
ਪਰਗਟ ਸਿੰਘ (Pargat Singh) ਨੇ ਟਾਟਾਂ ਉੱਤੇ ਬੈਠੇ ਕੇ ਛੋਟੇ ਹੁੰਦਿਆਂ ਸਕੂਲ ਵਿੱਚ ਕੀਤੀ ਪੜਾਈ ਦੇ ਦਿਨਾਂ ਨੂੰ ਚੇਤੇ ਕਰਦਿਆਂ ਕਿਹਾ ਕਿ ਅੱਜ ਉਹ ਜਿਸ ਮੁਕਾਮ ਉੱਤੇ ਵੀ ਹਨ, ਉਹ ਆਪਣੇ ਅਧਿਆਪਕਾਂ ਦੀ ਬਦੌਲਤ ਹਨ। ਉਨਾਂ ਆਪਣੇ ਮੁੱਖ ਅਧਿਆਪਕ ਰਹੇ ਮੁਖਤਿਆਰ ਸਿੰਘ, ਮੈਥ ਮਾਸਟਰ ਬਸੰਤ ਸਿੰਘ, ਫਿਜ਼ੀਕਲ ਐਜੂਕੇਸ਼ਨ ਟੀਚਰ ਦਲਜੀਤ ਸਿੰਘ, ਹਿੰਦੀ ਅਧਿਆਪਕਾ ਸੀਤਾ ਸ਼ਰਮਾ, ਡਰਾਇੰਗ ਟੀਚਰ ਗਿਆਨ ਚੰਦ ਨੂੰ ਚੇਤੇ ਕਰਦਿਆਂ ਕਿਹਾ ਕਿ ਅਧਿਆਪਕ ਦਾ ਸਮਾਜ ਵਿੱਚ ਜੋ ਰੁਤਬਾ ਹੈ, ਉਸ ਦੇ ਬਰਾਬਰ ਹੋਰ ਕੋਈ ਵੀ ਨਹੀਂ ਹੈ।
ਸਿੱਖਿਆ ਮੰਤਰੀ ਨੇ ਵਿਦਿਆਰਥੀਆਂ ਦੀ ਚੰਗੀ ਸਿਹਤ ਅਤੇ ਵਾਤਾਵਰਨ ਦੀ ਸੰਭਾਲ ਲਈ ਇਸ ਨੂੰ ਗੰਧਲਾ ਹੋਣ ਤੋਂ ਬਚਾਉਣ ਲਈ ਪਟਾਕਿਆਂ ਦੀ ਵਰਤੋਂ ਨਾ ਕਰਨ ਲਈ ਕਹਿੰਦਿਆਂ ਗਰੀਨ ਦੀਵਾਲੀ ਮਨਾਉਣ ਲਈ ਵੀ ਪ੍ਰੇਰਿਤ ਕੀਤਾ। ਉਨਾਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਨੂੰ ਵੀ ਆਪਣੇ ਜੀਵਨ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ। ਉਨਾਂ ਕਿਹਾ ਵਿਦਿਆਰਥੀਆਂ ਨੂੰ ਚੰਗੀ ਸਿਹਤ ਲਈ ਸੰਤੁਲਿਤ ਭੋਜਨ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਫਾਸਟ ਫੂਡ ਦੀ ਵਰਤੋਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਜਿਸ ਨਾਲ ਉਹ ਵਧੇਰੇ ਤੰਦਰੁਸਤ ਜੀਵਨ ਜੀ ਸਕਦੇ ਹਨ।
ਪਰਗਟ ਸਿੰਘ ਨੇ ਮਾਤ ਭਾਸ਼ਾ ਪੰਜਾਬੀ ਦੀ ਅਹਿਮੀਅਤ ਦੇਣ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਚੀਨ, ਜਪਾਨ ਵਰਗੇ ਮੁਲਕਾਂ ਨੇ ਆਪਣੇ ਮਾਤ ਭਾਸ਼ਾ ਵਿੱਚ ਹੀ ਤਰੱਕੀ ਕੀਤੀ ਹੈ। ਬੱਚਾ ਜੋ ਆਪਣੀ ਮਾਂ ਬੋਲੀ ਵਿੱਚ ਵਧੀਆ ਸਿੱਖ ਸਕਦਾ ਹੈ, ਉਹ ਹੋਰ ਕਿਸੇ ਭਾਸ਼ਾ ਵਿੱਚ ਨਹੀਂ। ਉਨਾਂ ਕਿਹਾ ਕਿ ਪੰਜਾਬੀ ਵਿੱਚ ਹਰ ਵਿਸ਼ੇ ਦਾ ਗਿਆਨ ਅਨੁਵਾਦ ਕਰਕੇ ਇਸ ਨੂੰ ਡਿਜੀਟਾਈਜ਼ਡ ਕੀਤਾ ਜਾਵੇ।