ਚੰਡੀਗੜ੍ਹ: ਪੰਜਾਬ ਅਤੇ ਅਮੈਰਿਕਨ ਚੈਂਬਰ ਆਫ ਕਾਮਰਸ ਇਨ ਇੰਡੀਆ (ਐਮਚੈਮ ਇੰਡੀਆ) ਦਰਮਿਆਨ ਅੱਜ ਐਮਚੈਮ ਇੰਡੀਆ ਦੀ 29ਵੀਂ ਏਜੀਐਮ ਦੌਰਾਨ ਇਕ ਐਮ.ਓ.ਯੂ. (ਸਹਿਮਤੀ ਪੱਤਰ ) ਸਹੀਬੱਧ ਕੀਤਾ ਗਿਆ, ਜੋ ਅਮਰੀਕਾ ਦੀਆਂ ਮੈਂਬਰ ਕੰਪਨੀਆਂ ਨੂੰ ਸੂਬੇ ਵਿੱਚ ਨਿਵੇਸ਼ ਅਤੇ ਵਪਾਰ ਲਈ ਉਤਸ਼ਾਹਿਤ ਕਰਨ ਦੇ ਨਾਲ ਨਾਲ ਸਾਜ਼ਗਾਰ ਮਾਹੌਲ ਮੁਹੱਈਆ ਕਰਵਾਏਗਾ। ਇਸ ਸਹਿਮਤੀ ਪੱਤਰ ‘ਤੇ ਇਨਵੈਸਟ ਪੰਜਾਬ ਦੇ ਸੀ.ਈ.ਓ. ਸ੍ਰੀ ਰਜਤ ਅਗਰਵਾਲ ਅਤੇ ਐਮਚੈਮ ਇੰਡੀਆ ਦੇ ਪ੍ਰੋਗਰਾਮ ਡਾਇਰੈਕਟਰ ਸ੍ਰੀ ਰਾਜੀਵ ਆਨੰਦ ਵੱਲੋਂ ਪ੍ਰਮੱਖ ਸਕੱਤਰ ਇਨਵੈਸਟਮੈਂਟ ਪ੍ਰਮੋਸ਼ਨ ਸ੍ਰੀ ਹੁਸਨ ਲਾਲ ਦੀ ਮੌਜੂਦਗੀ ਵਿੱਚ ਹਸਤਾਖਰ ਕੀਤੇ ਗਏ।
ਪੰਜਾਬ ਵੱਲੋਂ ਐਮਚੈਮ ਇੰਡੀਆ ਵੱਲੋਂ ਪਹਿਲਾ ਸਮਝੌਤਾ
ਐਮਚੈਮ ਇੰਡੀਆ ਵੱਲੋਂ ਭਾਰਤ ਦੇ ਕਿਸੇ ਸੂਬੇ ਨਾਲ ਪਹਿਲਾ ਸਮਝੌਤਾ ਕੀਤਾ ਗਿਆ ਹੈ। ਇਸ ਵਿੱਚ ਇੱਕ ਸਾਂਝੇ ਕਾਰਜ ਸਮੂਹ (ਜੇ.ਡਬਲਯ.ੂਜੀ.) ਦਾ ਗਠਨ ਸ਼ਾਮਲ ਹੈ, ਜਿਸ ਵਿੱਚ ਇਨਵੈਸਟ ਪੰਜਾਬ ਅਤੇ ਐਮਚੈਮ ਇੰਡੀਆ ਮੈਂਬਰ ਹਨ, ਜੋ ਨਿਵੇਸ਼ ਵਿੱਚ ਤਾਲਮੇਲ ਵਧਾਉਣ ਲਈ ਕੰਮ ਕਰਨਗੇ, ਜਿਸ ਨਾਲ ਪੰਜਾਬ, ਭਾਰਤ ਅਤੇ ਅਮਰੀਕਾ ਵਿੱਚ ਸੁਖਾਲੇ ਢੰਗ ਨਾਲ ਕਾਰੋਬਾਰ ਕਰਨ ਲਈ ਢੁਕਵਾਂ ਮਾਹੌਲ ਵੀ ਮਿਲੇਗਾ।
ਅਮਰੀਕੀ ਕੰਪਨੀਆਂ ਲਈ ਖੁੱਲ੍ਹਣਗੇ ਨਿਵੇਸ਼ ਦੇ ਮੌਕੇ
ਸੂਬੇ ਵਿੱਚ ਮੌਜੂਦ ਵੱਖ-ਵੱਖ ਖੇਤਰਾਂ ਵਿੱਚ ਅਮਰੀਕੀ ਕੰਪਨੀਆਂ ਲਈ ਨਿਵੇਸ਼ ਦੇ ਮੌਕਿਆਂ ਬਾਰੇ ਪੇਸ਼ਕਾਰੀ ਦਿੰਦਿਆਂ ਇਨਵੈਸਟ ਪੰਜਾਬ ਦੇ ਸੀਈਓ ਰਜਤ ਅਗਰਵਾਲ ਨੇ ਕਿਹਾ ਕਿ ਪੰਜਾਬ ਨੇ ਭਾਰਤ ਵਿੱਚ ਵਪਾਰ ਸ਼ੁਰੂ ਕਰਨ ਦੀਆਂ ਇਛੁੱਕ ਕਈ ਪ੍ਰਸਿੱਧ ਬਹੁ-ਰਾਸ਼ਟਰੀ ਕੰਪਨੀਆਂ ਲਈ ਇੱਕ ਲਾਂਚਪੈਡ ਵਜੋਂ ਕੰਮ ਕੀਤਾ ਹੈ। ਸ੍ਰੀ ਅਗਰਵਾਲ ਨੇ ਖੇਤੀਬਾੜੀ ਅਤੇ ਫੂਡ ਪ੍ਰਾਸੈਸਿੰਗ, ਟੈਕਨੀਕਲ ਇੰਜਨੀਅਰਿੰਗ, ਟੈਕਸਟਾਈਲ ਅਤੇ ਫਾਰਮਾ ਵਰਗੇ ਕਈ ਖੇਤਰਾਂ ਵਿੱਚ ਪੰਜਾਬ ਆਧਾਰਤ ਕੰਪਨੀਆਂ ਦੇ ਨਾਲ ਨਿਵੇਸ਼ ਜਾਂ ਸਾਂਝੇ ਵਪਾਰ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ। ਸ੍ਰੀ ਅਗਰਵਾਲ ਨੇ ਕਿਹਾ ਕਿ ਨਿਵੇਸ਼ਕਾਂ ਲਈ ਢੁਕਵੇਂ ਮਾਹੌਲ ਸਦਕਾ ਪੰਜਾਬ ਸਰਕਾਰ 12 ਬਿਲੀਅਨ ਡਾਲਰ ਤੋਂ ਵੱਧ ਨਿਵੇਸ਼ ਲਾਗੂ ਕਰਨ ਦੇ ਵੱਖ-ਵੱਖ ਪੜਾਵਾਂ ’ਤੇ ਹੈ। ਇਹ ਨਿਵੇਸ਼ ਦੇ ਸਬੰਧ ਵਿੱਚ ਵੱਡੀ ਕਾਮਯਾਬੀ ਹੈ । ਉਨ੍ਹਾਂ ਨੇ ਸੂਬਾ ਸਰਕਾਰ ਵੱਲੋਂ ਕੀਤੇ ਗਏ ਉੱਚ ਪ੍ਰਭਾਵ ਵਾਲੇ ਕਾਰੋਬਾਰੀ ਸੁਧਾਰਾਂ ਜਿਵੇਂ ਰਾਈਟ ਟੂ ਬਿਜ਼ਨਸ ਐਕਟ 2020, ਡੀਮਡ ਮਨਜ਼ੂਰੀਆਂ, ਕੇਂਦਰੀ ਨਿਰੀਖਣ ਪ੍ਰਣਾਲੀ ‘ਤੇ ਵੀ ਵਿਚਾਰ ਕੀਤਾ ਜੋ ਸੂਬੇ ਵਿੱਚ ਕਾਰੋਬਾਰ ਸ਼ੁਰੂ ਕਰਨ ਲਈ ਲਗਦੇ ਸਮੇਂ ਅਤੇ ਲਾਗਤ ਨੂੰ ਘਟਾਉਣ ਲਈ ਕੀਤੇ ਗਏ ਹਨ।
ਸੀਈਓ ਇਨਵੈਸਟ ਪੰਜਾਬ ਨੇ ਦਿੱਤੀ ਜਾਣਕਾਰੀ
ਇਨਵੈਸਟ ਪੰਜਾਬ ਦੇ ਸੀਈਓ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਲਈ ਉਦਯੋਗੀਕਰਨ, ਵਪਾਰ ਅਤੇ ਵਣਜ ਨੂੰ ਉਤਸ਼ਾਹਤ ਕਰਨ ਵਾਸਤੇ ਅਮਰੀਕਾ ਮੁੱਖ ਦੇਸ਼ਾਂ ਵਿੱਚੋਂ ਇੱਕ ਹੈ। ਐਮਾਜ਼ਾਨ, ਵਾਲਮਾਰਟ, ਕੁਆਰਕ, ਕਾਰਗਿਲ, ਟਾਇਸਨ, ਜੌਹਨ ਡੀਅਰ, ਗੇਟਸ, ਸ੍ਰੇਬਰ, ਪੈਪਸੀ, ਕੋਕਾ ਕੋਲਾ, ਟੈਲੀਪਰਫਾਰਮੈਂਸ, ਕੰਪੂ-ਵਿਜ਼ਨ ਕੰਸਲਟਿੰਗ, ਨੈੱਟਸਮਾਰਟਜ਼ ਇਨਫੋਟੈਕ ਵਰਗੀਆਂ 20 ਤੋਂ ਵੱਧ ਅਮਰੀਕੀ ਫਰਮਾਂ ਨੇ ਪੰਜਾਬ ਨੂੰ ਆਪਣੇ ਪਸੰਦੀਦਾ ਨਿਵੇਸ਼ ਸਥਾਨ ਵਜੋਂ ਚੁਣਿਆ ਹੈ। ਅਮਰੀਕੀ ਅਤੇ ਪੰਜਾਬ ਆਧਾਰਤ ਕੰਪਨੀਆਂ ਲਈ ਵੱਖ ਵੱਖ ਖੇਤਰਾਂ ਵਿੱਚ ਸਾਂਝੇ ਵਪਾਰ ਲਈ ਅਥਾਹ ਮੌਕੇ ਮੌਜੂਦ ਹਨ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵਲੋਂ 2013 ਵਿੱਚ ਸਥਾਪਿਤ ਕੀਤਾ ਗਿਆ, ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ (ਇਨਵੈਸਟ ਪੰਜਾਬ) ਉਨਾਂ ਨਿਵੇਸ਼ਕਾਂ ਲਈ ਸਹੂਲਤ ਪ੍ਰਾਪਤ ਕਰਨ ਦਾ ਇੱਕ ਸਾਧਨ ਹੈ ਜੋ ਪੰਜਾਬ ਵਿੱਚ ਕਾਰੋਬਾਰ ਸਥਾਪਤ ਕਰਨਾ ਚਾਹੁੰਦੇ ਹਨ। ਸ੍ਰੀ ਅਗਰਵਾਲ ਨੇ ਕਿਹਾ ਕਿ ਇਨਵੈਸਟ ਪੰਜਾਬ ਨੂੰ ਭਾਰਤ ਸਰਕਾਰ ਨੇ ਸਭ ਤੋਂ ਵਧੀਆ ਕਾਰਗੁਜ਼ਾਰੀ ਵਾਲੇ ਰਾਜ (ਆਈਪੀਏ) ਦਾ ਦਰਜਾ ਦਿੱਤਾ ਹੈ।