ਚੰਡੀਗੜ੍ਹ:ਜੇਲ੍ਹ ਵਿੱਚ ਬੰਦ ਪੰਜਾਬ ਕਾਂਗਰਸ ਦਾ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਜਿਗਰ ਨਾਲ ਸਬੰਧਿਤ ਸਮੱਸਿਆਵਾਂ ਕਾਰਨ ਪੀਜੀਆਈ ਮੈਡੀਕਲ ਚੈਕਅੱਪ ਲਈ ਲਿਆਂਦਾ ਗਿਆ ਸੀ। ਜਿੱਥੇ ਉਨ੍ਹਾਂ ਦਾ ਡਾਕਟਰ ਵੱਲੋਂ ਚੈਕਅੱਪ ਕੀਤਾ ਗਿਆ ਹੈ। ਚੈਕਅੱਪ ਤੋਂ ਬਾਅਦ ਡਾਕਟਰਾਂ ਦਾ ਬਿਆਨ ਸਾਹਮਣੇ ਆਇਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਹੋਰ ਸਰੀਰਿਕ ਜਾਂਚ ਦੀ ਲੋੜ ਹੈ ਜਿਸਦੇ ਚੱਲਦੇ ਉਨ੍ਹਾਂ ਨੂੰ ਪੀਜੀਆਈ ਵਿੱਚ ਦਾਖਲ ਕੀਤਾ ਗਿਆ ਹੈ। ਡਾਕਟਰਾਂ ਵੱਲੋਂ ਉਨ੍ਹਾਂ ਦੀ ਹਾਲਤ ਨੂੰ ਸਥਿਰ ਦੱਸਿਆ ਗਿਆ ਹੈ। ਜਾਣਕਾਰੀ ਅਨੁਸਾਰ ਇਸ ਦੌਰਾਨ ਉਨ੍ਹਾਂ ਦੀ ਨਿਗਰਾਨੀ ਲਈ ਪੁਲਿਸ ਵੀ ਤਾਇਨਾਤ ਕੀਤੀ ਗਈ ਹੈ।
ਵਕੀਲ ਨੇ ਪਾਈ ਸੀ ਪਟੀਸ਼ਨ: ਪਟਿਆਲਾ ਸੈਸ਼ਨ ਕੋਰਟ 'ਚ ਨਵਜੋਤ ਸਿੰਘ ਸਿੱਧੂ ਦੇ ਵਕੀਲ ਵੱਲੋਂ ਦਿੱਤੀ ਗਈ ਅਰਜ਼ੀ 'ਤੇ ਸੈਸ਼ਨ ਕੋਰਟ ਨੇ ਪਟਿਆਲਾ ਜੇਲ੍ਹ ਦੇ ਜੇਲਰ ਨੂੰ ਨਵਜੋਤ ਸਿੰਘ ਸਿੱਧੂ ਦੀ ਸਿਹਤ ਖਰਾਬ ਹੋਣ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਦਾ ਇਲਾਜ ਪੀ.ਜੀ.ਆਈ 'ਚ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ, ਜਿਸ 'ਤੇ ਪਟਿਆਲਾ ਜੇਲ੍ਹ ਪ੍ਰਸ਼ਾਸਨ ਨੇ ਨਵਜੋਤ ਸਿੰਘ ਸਿੱਧੂ ਨੂੰ ਪੀਜੀਆਈ ਦਾਖਲ ਕਰਵਾਇਆ। ਇਸ ਮੌਕੇ ਪੀ.ਜੀ.ਆਈ. ਚੰਡੀਗੜ੍ਹ ਵਿੱਚ ਸਿੱਧੂ ਦੇ ਸਾਰੇ ਟੈਸਟ ਹੋਣਗੇ। ਦੱਸ ਦਈਏ ਕਿ ਇਸ ਤੋਂ ਪਹਿਲਾਂ 23 ਮਈ ਨੂੰ ਵੀ ਸਿੱਧੂ ਦੀ ਸਿਹਤ ਅਚਾਨਕ ਵਿਗੜ ਗਈ ਸੀ, ਉਨ੍ਹਾਂ ਦਾ ਮੈਡੀਕਲ ਚੈੱਕਅਪ ਪਟਿਆਲਾ ਦੇ ਰਾਜਿੰਦਰਾ ਹਸਪਤਾਲ ‘ਚ ਲਿਆਦਾਂ ਗਿਆ ਸੀ।
ਰੋਡਰੇਜ਼ ਮਾਮਲੇ 'ਚ ਜੇਲ੍ਹ 'ਚ ਹਨ ਸਿੱਧੂ: ਦੱਸ ਦਈਏ ਕਿ 34 ਸਾਲ ਪੁਰਾਣੇ ਰੋਡ ਰੇਜ ਮਾਮਲੇ 'ਚ ਨਵਜੋਤ ਸਿੱਧੂ ਨੂੰ ਸੁਪਰੀਮ ਕੋਰਟ ਨੇ ਇਕ ਸਾਲ ਦੀ ਸਜ਼ਾ ਸੁਣਾਈ ਹੈ। ਜਿਸ ਤੋਂ ਬਾਅਦ ਸਿੱਧੂ ਨੇ ਸ਼ੁੱਕਰਵਾਰ ਨੂੰ ਪਟਿਆਲਾ ਕੋਰਟ 'ਚ ਆਤਮ ਸਮਰਪਣ ਕਰ ਦਿੱਤਾ ਸੀ। ਸਿੱਧੂ ਦੀ 1988 ਵਿੱਚ ਪਟਿਆਲਾ ਵਿੱਚ ਬਜ਼ੁਰਗ ਗੁਰਨਾਮ ਸਿੰਘ ਨਾਲ ਪਾਰਕਿੰਗ ਨੂੰ ਲੈ ਕੇ ਝਗੜਾ ਹੋਇਆ ਸੀ। ਇਸ ਤੋਂ ਬਾਅਦ ਬਜ਼ੁਰਗ ਦੀ ਮੌਤ ਹੋ ਗਈ ਸੀ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਸਿੱਧੂ ਨੂੰ ਸਿਰਫ਼ ਇੱਕ ਹਜ਼ਾਰ ਜੁਰਮਾਨੇ ਦੀ ਸਜ਼ਾ ਸੁਣਾਈ ਸੀ। ਹਾਲਾਂਕਿ ਪੀੜਤ ਪਰਿਵਾਰ ਨੇ ਰੀਵਿਊ ਪਟੀਸ਼ਨ ਦਾਇਰ ਕੀਤੀ ਸੀ। ਜਿਸ ਵਿੱਚ ਹੁਣ ਉਨ੍ਹਾਂ ਨੂੰ ਇੱਕ ਸਾਲ ਦੀ ਸਜ਼ਾ ਸੁਣਾਈ ਗਈ ਹੈ।