ਚੰਡੀਗੜ੍ਹ: ਸੂਬੇ ‘ਚ ਬਣੇ ਬਿਜਲੀ ਸੰਕਟ (Power crisis) ਨੂੰ ਲੈਕੇ ਲਗਾਤਾਰ ਸਿਆਸਤ ਭਖਦੀ ਜਾ ਰਹੀ ਹੈ। ਵਿਰੋਧੀ ਪਾਰਟੀਆਂ ਦੇ ਵੱਲੋਂ ਵੀ ਸੂਬਾ ਸਰਕਾਰ ਨੂੰ ਘੇਰਿਆ ਜਾ ਰਹੇ ਹੈ ਅਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਇਸਦੇ ਨਾਲ ਹੀ ਸੂਬੇ ਦੇ ਕਿਸਾਨਾਂ ਵੱਲੋਂ ਖੇਤਾਂ ਲਈ ਬਿਜਲੀ ਸਪਲਾਈ ਘੱਟ ਮਿਲਣ ਕਾਰਨ ਸਰਕਾਰ ਖਿਲਾਫ਼ ਸੜਕਾਂ ਤੇ ਆਕੇ ਸਮੱਸਿਆ ਦੇ ਹੱਲ ਦੀ ਜਲਦ ਮੰਗ ਕੀਤੀ ਜਾ ਰਹੀ ਹੈ। ਇਸ ਮਸਲੇ ਨੂੰ ਲੈਕੇ ਪੰਜਾਬ ਦੇ ਕੈਬਨਿਟ ਮੰਤਰੀ ਪਰਗਟ ਸਿੰਘ (Cabinet Anand Pargat Singh) ਨੇ ਕਿਹਾ ਕਿ ਸਰਕਾਰ ਇਸ ਮਸਲੇ ਨੂੰ ਹੱਲ ਕਰਨ ਦੇ ਵਿੱਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਇਸ ਤੇ ਲਗਾਤਾਰ ਚਰਚਾ ਚੱਲ ਰਹੀ ਹੈ ਕਿ ਕੋਲੇ ਦੀ ਸਪਲਾਈ ਜਲਦ ਤੋਂ ਜਲਦ ਹੋ ਜਾਵੇ। ਉਨ੍ਹਾਂ ਨਾਲ ਹੀ ਕਿਹਾ ਕਿ ਇਹ ਸਮੱਸਿਆ ਪੂਰੇ ਦੇਸ਼ ਦੇ ਵਿੱਚ ਬਣੀ ਹੋਈ ਹੈ। ਪਰਗਟ ਸਿੰਘ ਨੇ ਕਿਹਾ ਕਿ ਪਹਿਲਾਂ ਬਿਜਲੀ ਦੀ ਸਮੱਸਿਆ ਨੂੰ ਹੱਲ ਕੀਤਾ ਜਾਵੇਗੀ ਤੇ ਫਿਰ ਉਸ ਤੋਂ ਬਾਅਦ ਬਿਜਲੀ ਸਮਝੌਤਿਆਂ ਤੇ ਵੀ ਕੰਮ ਕੀਤਾ ਜਾਵੇਗਾ।
ਲਖੀਮਪੁਰ ਘਟਨਾ ‘ਤੇ ਬੋਲੇ ਪਰਗਟ ਸਿੰਘ
ਲਖੀਮਪੁਰ ਖੀਰੀ ਘਟਨਾ ਤੇ ਬੋਲਦਿਆਂ ਪਰਗਟ ਸਿੰਘ (Cabinet Anand Pargat Singh) ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਵੱਲੋਂ ਪੀੜਤਾਂ ਨੂੰ ਇਨਸਾਫ ਨੂੰ ਲੈਕੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰ ਤੇ ਵੀ ਉਨ੍ਹਾਂ ਦੀ ਪਾਰਟੀ ਆਗੂਆਂ ਤੇ ਵਰਕਰਾਂ ਰੋਸ ਜਤਾਉਣ ਦੇ ਲਈ ਮੋਨ ਵਰਤ ਰੱਖੇ ਜਾ ਰਹੇ ਹਨ ਤਾਂ ਕਿ ਪੀੜਤਾਂ ਨੂੰ ਇਨਸਾਫ ਮਿਲ ਸਕੇ।
'ਪਰਾਲੀ ਸਾੜਨ ਨੂੰ ਲੈ ਕੇ ਸਰਕਾਰ ਕਰ ਰਹੀ ਸਖ਼ਤੀ'
ਇੱਕ ਸਵਾਲ ਦੇ ਜਵਾਬ ਵਿੱਚ ਪਰਗਟ ਸਿੰਘ (Cabinet Anand Pargat Singh) ਨੇ ਕਿਹਾ ਕਿ ਸਰਕਾਰ ਪਰਾਲੀ ਸਾੜਨ ਦੇ ਸਬੰਧ ਵਿੱਚ ਬਹੁਤ ਸਖ਼ਤ ਕਦਮ ਚੁੱਕ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਰਾਲੀ ਤੋਂ ਛੁਟਕਾਰਾ ਪਾਉਣ ਲਈ ਕਿਸਾਨਾਂ ਨੂੰ ਤਕਨਾਲੋਜੀ ਦੀ ਵਰਤੋਂ ਕਰਨ ਲਈ ਵੀ ਪ੍ਰੇਰਿਤ ਕਰ ਰਹੀ ਹੈ। ਕਿਉਂਕਿ ਅੱਜ ਪ੍ਰਦੂਸ਼ਣ ਨਾ ਸਿਰਫ ਪੰਜਾਬ ਬਲਕਿ ਦੇਸ਼ ਦੀ ਇੱਕ ਵੱਡੀ ਸਮੱਸਿਆ ਹੈ ਅਤੇ ਇਸ ਵਿੱਚ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਪਵੇਗਾ।