ਪੰਜਾਬ

punjab

ETV Bharat / city

ਪੁਲਿਸ ਦੀ ਫ਼ੌਰੀ ਕਾਰਵਾਈ ਔਰਤਾਂ ਵਿਰੁੱਧ ਹਿੰਸਾ ਦੀ ਮੁੱਢਲੀ ਜਾਂਚ ਦੌਰਾਨ ਨਿਭਾਅ ਸਕਦੀ ਅਹਿਮ ਭੂਮਿਕਾ: ਏਡੀਜੀਪੀ - Community Affairs Division and Public Grievances

ਕਮਿਊਨਿਟੀ ਅਫ਼ੇਅਰਜ਼ ਡਿਵੀਜ਼ਨ ਅਤੇ ਜਨਤਕ ਸ਼ਿਕਾਇਤਾਂ ਦੇ ਏ.ਡੀ.ਜੀ.ਪੀ. ਗੁਰਪ੍ਰੀਤ ਦਿਉ ਨੇ ਔਰਤਾਂ ਵਿਰੁੱਧ ਹਿੰਸਾ ਦੇ ਮਾਮਲਿਆਂ ਨੂੰ ਸੁਚੱਜੇ ਢੰਗ ਨਾਲ ਨਜਿੱਠਣ ਅਤੇ ਪੀੜਤ ਔਰਤਾਂ ਨੂੰ ਸਹਾਇਤਾ ਤੇ ਸੁਰੱਖਿਆ ਪ੍ਰਦਾਨ ਕਰਨ ਲਈ ਪੁਲਿਸ ਕਰਮੀਆਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਔਰਤਾਂ ਵਿਰੁੱਧ ਹਿੰਸਾ ਦੇ ਮਾਮਲਿਆਂ ਵਿੱਚ ਪੁਲਿਸ ਵੱਲੋਂ ਕੀਤੀ ਗਈ ਫ਼ੌਰੀ ਕਾਰਵਾਈ ਅਜਿਹੇ ਮਾਮਲਿਆਂ ਨੂੰ ਛੇਤੀ ਸੁਲਝਾਉਣ ਵਿੱਚ ਅਹਿਮ ਭੂਮਿਕਾ ਨਿਭਾਅ ਸਕਦੀ ਹੈ।

ਪੁਲਿਸ ਦੀ ਫ਼ੌਰੀ ਕਾਰਵਾਈ ਔਰਤਾਂ ਵਿਰੁੱਧ ਹਿੰਸਾ ਦੀ ਮੁੱਢਲੀ ਜਾਂਚ ਦੌਰਾਨ ਨਿਭਾਅ ਸਕਦੀ ਹੈ ਅਹਿਮ ਭੂਮਿਕਾ: ਏ.ਡੀ.ਜੀ.ਪੀ. ਗੁਰਪ੍ਰੀਤ ਦਿਉ
ਪੁਲਿਸ ਦੀ ਫ਼ੌਰੀ ਕਾਰਵਾਈ ਔਰਤਾਂ ਵਿਰੁੱਧ ਹਿੰਸਾ ਦੀ ਮੁੱਢਲੀ ਜਾਂਚ ਦੌਰਾਨ ਨਿਭਾਅ ਸਕਦੀ ਹੈ ਅਹਿਮ ਭੂਮਿਕਾ: ਏ.ਡੀ.ਜੀ.ਪੀ. ਗੁਰਪ੍ਰੀਤ ਦਿਉ

By

Published : Feb 22, 2021, 10:10 PM IST

ਚੰਡੀਗੜ੍ਹ: ਔਰਤਾਂ ਵਿਰੁੱਧ ਹਿੰਸਾ ਦੇ ਮਾਮਲਿਆਂ ਨੂੰ ਸੁਚੱਜੇ ਢੰਗ ਨਾਲ ਨਜਿੱਠਣ ਅਤੇ ਪੀੜਤ ਔਰਤਾਂ ਨੂੰ ਸਹਾਇਤਾ ਤੇ ਸੁਰੱਖਿਆ ਪ੍ਰਦਾਨ ਕਰਨ ਲਈ ਪੁਲਿਸ ਕਰਮੀਆਂ ਨੂੰ ਜਾਗਰੂਕ ਕਰਦਿਆਂ ਕਮਿਊਨਿਟੀ ਅਫ਼ੇਅਰਜ਼ ਡਿਵੀਜ਼ਨ ਅਤੇ ਜਨਤਕ ਸ਼ਿਕਾਇਤਾਂ ਦੇ ਏ.ਡੀ.ਜੀ.ਪੀ. ਗੁਰਪ੍ਰੀਤ ਦਿਉ ਨੇ ਕਿਹਾ ਕਿ ਔਰਤਾਂ ਵਿਰੁੱਧ ਹਿੰਸਾ ਦੇ ਮਾਮਲਿਆਂ ਵਿੱਚ ਪੁਲਿਸ ਵੱਲੋਂ ਕੀਤੀ ਗਈ ਫ਼ੌਰੀ ਕਾਰਵਾਈ ਅਜਿਹੇ ਮਾਮਲਿਆਂ ਨੂੰ ਛੇਤੀ ਸੁਲਝਾਉਣ ਵਿੱਚ ਅਹਿਮ ਭੂਮਿਕਾ ਨਿਭਾਅ ਸਕਦੀ ਹੈ।

ਆਨਲਾਈਨ ਟ੍ਰੇਨਿੰਗ ਵਰਕਸ਼ਾਪ

ਦਿਉ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ‘ਸਖੀ ਵਨ ਸਟਾਪ ਸੈਂਟਰ’ ਸਬੰਧੀ ਕਰਵਾਈ ਗਈ ਰਾਜ ਪੱਧਰੀ ਆਨਲਾਈਨ ਟ੍ਰੇਨਿੰਗ ਵਰਕਸ਼ਾਪ ਦੇ ਦੂਜੇ ਪੜਾਅ ਦੌਰਾਨ ਸੰਬੋਧਨ ਕਰ ਰਹੇ ਸਨ। ਹਿੰਸਾ ਤੋਂ ਪ੍ਰਭਾਵਿਤ ਔਰਤਾਂ ਦੇ ਮਾਮਲਿਆਂ 'ਚ ਕਾਨੂੰਨ ਲਾਗੂਕਰਨ ਏਜੰਸੀਆਂ ਦੀ ਜਵਾਬੀ ਪ੍ਰਤੀਕਿਰਿਆ’ ਵਿਸ਼ੇ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਭਾਵੇਂ ਪੰਜਾਬ ਪੁਲਿਸ ਔਰਤਾਂ ਵਿਰੁੱਧ ਹਿੰਸਾ ਦੇ ਪੀੜਤਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ ਪਰ ਔਰਤਾਂ ਵਿੱਚ ਆਪਣੇ ਹੱਕਾਂ ਪ੍ਰਤੀ ਜਾਗਰੂਕਤਾ ਦੀ ਘਾਟ ਕਾਰਨ ਹਿੰਸਾ ਦੇ ਬਹੁਤੇ ਮਾਮਲਿਆਂ ਦੀ ਰਿਪੋਰਟ ਹੀ ਨਹੀਂ ਕੀਤੀ ਜਾਂਦੀ।

ਔਰਤਾਂ ਆਪਣੇ ਬੁਨਿਆਦੀ ਅਧਿਕਾਰਾਂ ਪ੍ਰਤੀ ਹੋਣ ਜਾਗਰੂਕ

ਔਰਤਾਂ ਨੂੰ ਉਨ੍ਹਾਂ ਦੇ ਬੁਨਿਆਦੀ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਏ.ਡੀ.ਜੀ.ਪੀ. ਨੇ ਸਪੱਸ਼ਟ ਕੀਤਾ ਕਿ ਜ਼ਿਲ੍ਹਿਆਂ ਵਿੱਚ ਕਾਰਆਮਦ ‘ਸਖੀ ਵਨ ਸਟਾਪ ਸੈਂਟਰਾਂ' ਨੂੰ ਟੋਲ ਫ਼੍ਰੀ ਮਹਿਲਾ ਹੈਲਪਲਾਈਨ ਨੰਬਰ-181 ਨਾਲ ਜੋੜਿਆ ਜਾ ਰਿਹਾ ਹੈ ਤਾਂ ਜੋ ਹਿੰਸਾ ਤੋਂ ਪ੍ਰਭਾਵਤ ਔਰਤਾਂ ਨੂੰ ਆਸਾਨੀ ਨਾਲ ਇਨ੍ਹਾਂ ਸੈਂਟਰਾਂ ਵਿੱਚ ਭੇਜਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਹਰ ਥਾਣੇ ਵਿੱਚ ਵੱਖਰੇ ਮਹਿਲਾ ਪੁਲਿਸ ਡੈਸਕ ਹੋਣਾ ਵੀ ਸਮੇਂ ਦੀ ਮੰਗ ਹੈ।

ਔਰਤਾਂ ਵਿਰੁੱਧ ਹਿੰਸਾ ਦੇ ਕੇਸਾਂ ਨਾਲ ਨਜਿੱਠਣ 'ਚ ਪੁਲਿਸ ਦੀ ਭੂਮਿਕਾ

ਭਾਰਤ ਵਿਚਲੀਆਂ ਸਰਬੋਤਮ ਕਾਰਵਾਈਆਂ ਤੋਂ ਸਿੱਖਣਾ’ ਵਿਸ਼ੇ 'ਤੇ ਬੋਲਦਿਆਂ ਹਰਿਆਣਾ ਦੇ ਸਾਬਕਾ ਡਾਇਰੈਕਟਰ ਜਨਰਲ ਪੁਲਿਸ ਡਾ. ਕੇ.ਪੀ. ਸਿੰਘ ਨੇ ਕਿਹਾ ਕਿ ਹਿੰਸਾ ਦੀਆਂ ਸ਼ਿਕਾਰ ਔਰਤਾਂ ਨੂੰ ਪੁਲਿਸ ਵੱਲੋਂ ਦਿੱਤੀ ਭਾਵਨਾਤਮਕ ਸਹਾਇਤਾ ਨਾਲ ਉਨ੍ਹਾਂ ਵਿੱਚ ਨਿਆਂ ਦੀ ਆਸ ਬੱਝਦੀ ਹੈ ਅਤੇ ਹਿੰਸਾ ਵਿਰੁੱਧ ਲੜਨ ਦੀ ਇੱਛਾ-ਸ਼ਕਤੀ ਪੈਦਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪ੍ਰਭਾਵਤ ਔਰਤਾਂ ਵਿੱਚ ਸੁਰੱਖਿਆ ਦੀ ਭਾਵਨਾ ਕਾਇਮ ਰੱਖਣ ਲਈ ਮਹਿਲਾ ਪੁਲਿਸ ਮੁਲਾਜ਼ਮਾਂ ਦੀ ਤੈਨਾਤੀ ਕਰਨ 'ਤੇ ਵੀ ਵਿਚਾਰ ਕੀਤਾ ਜਾਣਾ ਚਾਹੀਦਾ ਹੈ।

ਵਿਗਿਆਨਕ ਤਰੀਕਿਆਂ ਨਾਲ ਹੀ ਇਕੱਠੇ ਕੀਤੇ ਜਾਣ ਸਬੂਤ

ਸਿਖਿਆਰਥੀਆਂ ਨੂੰ ਹਿੰਸਾ ਤੋਂ ਪ੍ਰਭਾਵਤ ਔਰਤਾਂ ਦੀਆਂ ਡਾਕਟਰੀ ਜ਼ਰੂਰਤਾਂ ਨੂੰ ਢੁਕਵੇਂ ਢੰਗ ਨਾਲ ਪੂਰਾ ਕਰਨ ਦੇ ਯੋਗ ਬਣਾਉਣ ਲਈ ਲੋਕ ਨਾਇਕ ਜੈਪ੍ਰਕਾਸ਼ ਨਾਰਾਇਣ ਨੈਸ਼ਨਲ ਇੰਸਟੀਚਿਊਟ ਆਫ਼ ਕ੍ਰਿਮੀਨਾਲੌਜੀ ਐਂਡ ਫ਼ੋਰੈਂਸਿਕ ਸਾਇੰਸ (ਗ੍ਰਹਿ ਮੰਤਰਾਲਾ) ਦੇ ਸੀਨੀਅਰ ਫ਼ੈਕਲਟੀ ਡਾ. ਕੇ.ਪੀ. ਕੁਸ਼ਵਾਹਾ ਨੇ ਕਿਹਾ ਕਿ ਵਿਗਿਆਨਕ ਤਰੀਕਿਆਂ ਨਾਲ ਹੀ ਸਬੂਤ ਇਕੱਠੇ ਕੀਤੇ ਜਾਣ ਤਾਂ ਜੋ ਦੋਸ਼ੀਆਂ ’ਤੇ ਬਣਦੀ ਕਾਨੂੰਨੀ ਕਾਰਵਾਈ ਕਰਕੇ ਪੀੜਤ ਨੂੰ ਛੇਤੀ ਨਿਆਂ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਜਿਨਸੀ ਸੋਸ਼ਣ ਦੇ ਮਾਮਲਿਆਂ ਦੀ ਮੈਡੀਕੋ-ਲੀਗਲ ਜਾਂਚ ਲਈ ਫ਼ਾਰਮਾਸੂਟੀਕਲ ਸਟਾਫ਼ ਵੱਲੋਂ ਪ੍ਰਵਾਨਤ ਤੇ ਉੱਤਮ ਤਰੀਕੇ ਅਪਣਾਉਣ ’ਤੇ ਵੀ ਵਿਚਾਰ ਕੀਤਾ।

ਸਿਹਤ ਸੰਭਾਲ ਪ੍ਰਣਾਲੀ ਅਹਿਮ ਪਹਿਲੂ

ਡਾ. ਮਨਮੀਤ ਕੌਰ, ਪ੍ਰੋਫ਼ੈਸਰ, ਹੈਲਥ ਪ੍ਰਮੋਸ਼ਨ, ਪੀ.ਜੀ.ਆਈ. ਸਕੂਲ ਆਫ਼ ਪਬਲਿਕ ਹੈਲਥ ਐਂਡ ਪ੍ਰੋਫ਼ੈਸੋਰੀਅਲ ਫ਼ੈਲੋ, ਦਿ ਜਾਰਜ ਇੰਸਟੀਚਿਊਟ ਫ਼ਾਰ ਗਲੋਬਲ ਹੈਲਥ, ਯੂਨੀਵਰਸਿਟੀ ਆਫ਼ ਨਿਊ ਸਾਊਥ ਵੇਲਜ਼, ਆਸਟ੍ਰੇਲੀਆ ਨੇ ਵੀ ‘ਸਿਹਤ ਸੰਭਾਲ ਪ੍ਰਣਾਲੀ ਤਹਿਤ ਔਰਤਾਂ ਵਿਰੁੱਧ ਹਿੰਸਾ ਦਾ ਪਤਾ ਲਾਉਣਾ ਅਤੇ ਹੱਲ’ ਸਬੰਧੀ ਵਿਸ਼ੇ 'ਤੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਔਰਤਾਂ ਵਿਰੁੱਧ ਹਿੰਸਾ ਦੇ ਮਾਮਲਿਆਂ 'ਚ ਸਿਹਤ ਸੰਭਾਲ ਪ੍ਰਣਾਲੀ ਅਕਸਰ ਅਣਗੌਲਿਆ ਪਰ ਬਹੁਤ ਅਹਿਮ ਪਹਿਲੂ ਹੈ।

ਹਿੰਸਾ ਪੀੜਤ ਔਰਤਾਂ ਨਾਲ ਸੁਖਾਵੇਂ ਰਾਬਤਾ ਕਿਵੇਂ ਸਥਾਪਤ ਕੀਤੀ ਜਾਵੇ

ਡਾ. ਰੀਤਇੰਦਰ ਕੋਹਲੀ, ਸਾਬਕਾ ਚੇਅਰਪਰਸਨ, ਇੰਡੀਅਨ ਵੂਮੈਨ ਨੈੱਟਵਰਕ, ਚੰਡੀਗੜ੍ਹ ਨੇ ਸੈਸ਼ਨ ‘ਹਿੰਸਾ ਪੀੜਤ ਔਰਤਾਂ ਨਾਲ ਸੁਖਾਵੇਂ ਰਾਬਤਾ ਕਿਵੇਂ ਸਥਾਪਤ ਕੀਤੀ ਜਾਵੇ’ ਦੌਰਾਨ ਸਿਖਿਆਰਥੀਆਂ ਨੂੰ ਹਿੰਸਾ ਤੋਂ ਪ੍ਰਭਾਵਤ ਔਰਤਾਂ ਦੀ ਮਨੋਵਿਗਿਆਨਕ ਕਾਊਂਸਲਿੰਗ ਦੇ ਜ਼ਰੂਰੀ ਪਹਿਲੂਆਂ ਅਤੇ ਗਤੀਵਿਧੀਆਂ ਨੂੰ ਸਮਝਣ ਲਈ ਸੁਝਾਅ ਦਿੱਤੇ।

ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾ (ਮੈਗਸੀਪਾ), ਚੰਡੀਗੜ੍ਹ ਦੀ ਸਹਾਇਕ ਪ੍ਰੋਫ਼ੈਸਰ ਡਾ. ਨਯਾਨਿਕਾ ਸਿੰਘ ਨੇ ਕਿਹਾ ਕਿ ਵਨ ਸਟਾਪ ਸਖੀ ਸੈਂਟਰ ਦੇ ਸਟਾਫ਼ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹਿੰਸਾ ਤੋਂ ਪੀੜਤ ਔਰਤਾਂ ਦੀ ਮਾਨਸਿਕ ਸਥਿਤੀ ਨੂੰ ਆਮ ਬਣਾਉਣ ਦੇ ਯਤਨ ਕਰਨਾ ਹੈ। ਉਨ੍ਹਾਂ ਜਿਨਸੀ ਅਤੇ ਭਾਵਨਾਤਮਕ ਹਿੰਸਾ ਦਾ ਸ਼ਿਕਾਰ ਔਰਤਾਂ ਨੂੰ ਭਾਵਨਾਤਮਕ ਢੰਗ ਨਾਲ ਠੀਕ ਕਰਨ ਬਾਰੇ ਗੱਲਬਾਤ ਕੀਤੀ, ਜੋ ਅਜਿਹੇ ਮਾਮਲਿਆਂ ਨੂੰ ਛੇਤੀ ਤੋਂ ਛੇਤੀ ਸੁਲਝਾਉਣ ਲਈ ਅਹਿਮ ਸਾਬਤ ਹੋ ਸਕਦੀ ਹੈ।

ਸਰਕਾਰ ਨੇ 'ਵਨ ਸਟਾਪ ਸਖੀ ਸੈਂਟਰ' ਕੀਤਾ ਸਥਾਪਤ

ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਪ੍ਰਮੁੱਖ ਸਕੱਤਰ ਰਾਜੀ ਪੀ. ਸ਼੍ਰੀਵਾਸਤਵਾ ਨੇ ਕਿਹਾ ਕਿ ਸੂਬਾ ਸਰਕਾਰ ਨੇ ਹਿੰਸਾ ਤੋਂ ਪੀੜਤ ਔਰਤਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਸਾਰੇ 22 ਜ਼ਿਲ੍ਹਿਆਂ ਵਿੱਚ ‘ਵਨ ਸਟਾਪ ਸਖੀ ਸੈਂਟਰ’ ਸਥਾਪਤ ਕੀਤੇ ਹਨ, ਜੋ ਸਮਰਪਿਤ ਸਟਾਫ਼ ਨਾਲ ਸਫ਼ਲਤਾਪੂਰਵਕ ਚੱਲ ਰਹੇ ਹਨ ਅਤੇ ਲੋੜਵੰਦ ਔਰਤਾਂ ਨੂੰ ਜ਼ਰੂਰੀ ਸਹਾਇਤਾ ਪ੍ਰਦਾਨ ਕਰ ਰਹੇ ਹਨ।

ਵਿਭਾਗ ਦੇ ਡਾਇਰੈਕਟਰ-ਕਮ-ਵਿਸ਼ੇਸ਼ ਸਕੱਤਰ ਵਿਪੁਲ ਉੱਜਵਲ ਨੇ ਕਿਹਾ ਕਿ ਵਿਭਾਗ ਵੱਲੋਂ ਚਲਾਏ ਜਾ ਰਹੇ ਇਹ ਸੈਂਟਰ ਪੀੜਤਾਂ ਨੂੰ ਡਾਕਟਰੀ, ਕਾਨੂੰਨੀ ਤੇ ਮਨੋਵਿਗਿਆਨਕ ਸਹਾਇਤਾ ਪ੍ਰਦਾਨ ਕਰਨ ਸਣੇ ਏਕੀਕ੍ਰਿਤ ਸੇਵਾਵਾਂ ਤੱਕ ਪੀੜਤਾਂ ਦੀ ਪਹੁੰਚ ਯਕੀਨੀ ਬਣਾ ਰਹੇ ਹਨ।

ABOUT THE AUTHOR

...view details