ਚੰਡੀਗੜ੍ਹ : ਪੰਜਾਬ ਭਵਨ ਵਿੱਚ ਆਖਰਕਾਰ ਪੰਜਾਬ ਕੈਬਿਨੇਟ ਦੀ ਮੀਟਿੰਗ ਹੋ ਹੀ ਗਈ। ਇਸ ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੁੱਖ ਸਕੱਤਰ ਕਰਨ ਅਵਤਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ।
ਜੇ ਮੀਟਿੰਗ 'ਚ ਕਰਨ ਅਵਤਾਰ ਸ਼ਾਮਲ ਹੋਣਗੇ, ਤਾਂ ਉਸ ਦਾ ਹਿੱਸਾ ਮੈਂ ਨਹੀਂ ਹੋਵਾਗਾ: ਮਨਪ੍ਰੀਤ ਬਾਦਲ - Punjab Cabinet Meeting
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਜਿਸ ਮੀਟਿੰਗ ਵਿੱਚ ਕਰਨ ਅਵਤਾਰ ਹੋਣਗੇ ਉਸ ਮੀਟਿੰਗ ਵਿੱਚ ਉਹ ਸ਼ਾਮਲ ਨਹੀਂ ਹੋਣਗੇ।
ਉਨ੍ਹਾਂ ਕਿਹਾ ਕਿ ਇਹ ਕੋਈ ਹੰਕਾਰ ਦੀ ਲੜਾਈ ਨਹੀਂ ਹੈ, ਇਹ ਲੜਾਈ ਸੂਬੇ ਦੇ ਹਿੱਤਾਂ ਦੀ ਹੈ। ਉਨ੍ਹਾਂ ਕਿਹਾ ਇਹ ਫੈਸਲਾ ਸੂਬੇ ਵਡੇਰੇ ਹਿੱਤਾਂ ਲਈ ਲਿਆ ਗਿਆ ਹੈ। ਬਾਦਲ ਨੇ ਕਿਹਾ ਕਿ ਬਾਕੀ ਗੱਲ ਮੁੱਖ ਮੰਤਰੀ 'ਤੇ ਛੱਡੀ ਗਈ ਹੈ ਕਿ ਉਨ੍ਹਾਂ ਨੇ ਇਸ ਬਾਰੇ ਕੀ ਫੈਸਲਾ ਕਰਨਾ ਹੈ।
ਇਸ ਤੋਂ ਇਲਾਵਾ ਮਨਪ੍ਰੀਤ ਬਾਦਲ ਨੇ ਕਿਹਾ ਕਿ ਅੱਜ ਦੀ ਕੈਬਿਨੇਟ ਦੀ ਮੀਟਿੰਗ ਵਿੱਚ ਇੱਕ ਹੀ ਅਧਿਕਾਰਤ ਏਜੰਡਾ ਸੀ, ਉਹ ਪੰਜਾਬ ਦੀ ਨਵੀਂ ਅਬਾਕਾਰੀ ਨੀਤੀ ਬਾਰੇ ਸੀ। ਜਿਸ ਬਾਰੇ ਸਾਰੇ ਅਧਿਕਾਰ ਕੈਬਿਨੇਟ ਨੇ ਸਰਬਸੰਮਤੀ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦੇ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕੈਬਿਨੇਟ ਨੇ ਮੁੱਖ ਮੰਤਰੀ ਨੂੰ ਇਹ ਅਧਿਕਾਰ ਸੂਬੇ ਦੇ ਵਡੇਰੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਦਿੱਤੇ ਹਨ।