ਚੰਡੀਗੜ੍ਹ: ਪੰਜਾਬ ਦੇ ਮੰਤਰੀਆ ਅਤੇ ਸੰਤਰੀਆਂ ਵਿੱਚ ਇੱਕ ਅਹਿਮ ਮੀਟਿੰਗ ਵਿੱਚ ਹੋਈ ਤਲਖੀ ਤੋਂ ਬਾਅਦ ਸਿਆਸਤ ਗਰਮ ਹੋ ਚੁੱਕੀ ਹੈ। ਵਿਰੋਧੀ ਧਿਰ ਇਸ ਮੁੱਦੇ ਨੂੰ ਲੈ ਕੇ ਸਰਕਾਰ ਖ਼ਾਸ ਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਹਮਲੇ ਬੋਲ ਰਹੀ ਹੈ। ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਨੂੰ ਵੰਗਾਰਿਆਂ ਹੈ ਕਿ ਜੇਕਰ ਉਨ੍ਹਾਂ ਅੰਦਰ ਪੰਜਾਬ ਪ੍ਰਤੀ ਥੋੜ੍ਹੀ ਬਹੁਤ ਵੀ ਜ਼ਮੀਰ ਜਿੰਦਾ ਹੈ ਤਾਂ ਉਹ ਜਾਂ ਤਾਂ ਸ਼ਾਸਕ ਅਤੇ ਪ੍ਰਸ਼ਾਸਨਿਕ ਤੌਰ 'ਤੇ ਬੁਰੀ ਤਰ੍ਹਾਂ ਨਕਾਰਾ ਹੋ ਚੁੱਕੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਕਰ ਦੇਣ ਜਾਂ ਫਿਰ ਖ਼ੁਦ ਅਜਿਹੀਆਂ ਕਾਗ਼ਜ਼ੀ ਵਜੀਰੀਆਂ, ਵਿਧਾਇਕੀਆਂ ਨੂੰ ਠੋਕਰ ਮਾਰ ਕੇ ਪੰਜਾਬ ਨਾਲ ਖੜਨ ਦੀ ਜੁਰਅਤ ਦਿਖਾਉਣ।
ਹਰਪਾਲ ਸਿੰਘ ਚੀਮਾ ਨੇ ਲੰਘੇ ਸ਼ਨੀਵਾਰ ਨੂੰ ਇੱਕ ਅਹਿਮ ਬੈਠਕ ਦੌਰਾਨ ਪੰਜਾਬ ਦੇ ਮੰਤਰੀਆਂ ਅਤੇ ਸਮੂਹ ਅਧਿਕਾਰੀਆਂ ਦਰਮਿਆਨ ਹੋਏ ਖੜਕੇ-ਦੜਕੇ 'ਤੇ ਤਿੱਖੀ ਪ੍ਰਤੀਕਿਰਿਆ ਦਰਜ਼ ਕਰਾਈ।
ਚੀਮਾ ਨੇ ਕਿਹਾ ਕਿ ਇੱਕ ਵਾਰ ਫਿਰ ਜੱਗ ਜ਼ਾਹਿਰ ਹੋਇਆ ਹੈ ਕਿ ਪੰਜਾਬ ਅੰਦਰ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ। ਕਥਿਤ ਸਰਕਾਰ 'ਫਾਰਮ ਹਾਊਸ' 'ਚ ਬੈਠ ਕੇ 'ਬਾਬੂ ਸ਼ਾਹੀ ਕੈਬਨਿਟ' ਰਾਹੀਂ ਸ਼ਾਹੀ ਅੰਦਾਜ਼ 'ਚ ਚਲਾਈ ਜਾ ਰਹੀ ਹੈ। ਚੁਣੇ ਹੋਏ ਨੁਮਾਇੰਦੇ 'ਟੁੱਕ 'ਤੇ ਡੇਲੇ' ਦੀ ਹੋਣੀ ਵਰਗੀ ਬੇਬਸੀ ਪ੍ਰਗਟਾ ਰਹੇ ਹਨ। ਅਜਿਹੇ ਆਪਹੁਦਰੇ ਅਤੇ ਬੇਲਗ਼ਾਮ ਨਿਜ਼ਾਮ 'ਚ ਪੰਜਾਬ ਦੀ ਹੋਰ ਬਰਬਾਦੀ ਰੋਕਣ ਲਈ ਜੇਕਰ ਕਾਂਗਰਸੀ ਵਜ਼ੀਰ ਜਾਂ ਵਿਧਾਇਕ ਫ਼ੈਸਲਾਕੁਨ ਆਵਾਜ਼ ਬੁਲੰਦ ਕਰਨ ਦੀ ਥਾਂ ਆਪਣੀਆਂ ਕੁਰਸੀਆਂ ਨੂੰ ਹੀ ਚਿੰਬੜੇ ਰਹਿਣਗੇ ਤਾਂ ਲੋਕਾਂ ਦੀ ਕਚਹਿਰੀ 'ਚ ਅਜਿਹੇ ਖ਼ੁਦਗ਼ਰਜ਼ ਲੀਡਰਾਂ ਕੋਲੋਂ ਪਾਈ-ਪਾਈ ਦਾ ਹਿਸਾਬ ਲਿਆ ਜਾਵੇਗਾ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਔਖੇ ਅਤੇ ਚੁਨੌਤੀ ਭਰੇ ਸਮਿਆਂ 'ਚ ਜਨਹਿਤ ਸਰਕਾਰ ਚਲਾਉਣਾ ਕੈਪਟਨ ਅਮਰਿੰਦਰ ਸਿੰਘ ਦੇ ਵੱਸ ਦੀ ਗੱਲ ਨਹੀਂ ਰਹੀ। ਉਮਰ ਅਤੇ ਸ਼ਾਹੀ ਆਦਤਾਂ ਨੇ ਮੁੱਖ ਮੰਤਰੀ ਨੂੰ ਨਾਕਾਬਲ ਬਣਾ ਦਿੱਤਾ ਹੈ। ਬਾਬੂਆਂ ਅਤੇ ਜੀ-ਹਜੂਰਾਂ ਦੀ ਭ੍ਰਿਸ਼ਟ ਅਤੇ ਮਾਫ਼ੀਆ ਪ੍ਰਵਿਰਤੀ ਵਾਲੀ ਕੈਪਟਨ ਦੀ 'ਕਿਚਨ ਕੈਬਨਿਟ' ਹੁਣ ਨਾ ਕੇਵਲ ਪੰਜਾਬ ਅਤੇ ਪੰਜਾਬੀਆਂ ਸਗੋਂ ਖ਼ੁਦ ਕੈਪਟਨ 'ਤੇ ਭਾਰੀ ਪੈ ਚੁੱਕੀ ਹੈ। ਸੋਧੀ ਹੋਈ ਨਵੀਂ ਸ਼ਰਾਬ ਨੀਤੀ ਇਸ ਦੀ ਤਾਜ਼ਾ ਮਿਸਾਲ ਹੈ, ਲੌਕਡਾਊਨ ਦੇ ਮੌਜੂਦਾ ਹਲਾਤ 'ਚ ਪੰਜਾਬ ਦਾ ਸ਼ਰਾਬ ਮਾਫ਼ੀਆ ਨਵੀਆਂ ਸਿਖ਼ਰਾਂ ਛੂਹ ਰਿਹਾ ਹੈ। ਇਹੋ ਵਜਾ ਹੈ ਕਿ ਪੰਜਾਬ 'ਚ ਹਰ ਸਾਲ ਸ਼ਰਾਬ ਦੀ ਖਪਤ ਵਧ ਰਹੀ ਹੈ, ਪਰੰਤੂ ਸਰਕਾਰੀ ਖ਼ਜ਼ਾਨੇ ਨੂੰ ਆਮਦਨੀ ਘੱਟ ਰਹੀ ਹੈ।