ਚੰਡੀਗੜ੍ਹ: ਭਾਰਤ ਵਿੱਚ ਕੋਵਿਡ ਵੈਕਸੀਨ ਦੀ ਵਰਤੋਂ ਸ਼ੁਰੂ ਹੋਣ ਦੇ ਅੰਤਮ ਪੜਾਅ 'ਤੇ ਪਹੁੰਚਣ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਭਾਰਤੀ ਮੈਡੀਕਲ ਖੋਜ ਕੌਂਸਲ (ਆਈ.ਸੀ.ਐਮ.ਆਰ.) ਦੀ ਇੱਕ ਵਾਰ ਪ੍ਰਵਾਨਗੀ ਮਿਲਣ 'ਤੇ ਪੰਜਾਬ ਵਿੱਚ ਵੈਕਸੀਨ ਦਾ ਪਹਿਲਾ ਟੀਕਾ ਉਹ ਲਗਵਾਉਣਗੇ।
ਮੁੱਖ ਮੰਤਰੀ ਨੇ ਵਰਚੁਅਲ ਕੈਬਨਿਟ ਮੀਟਿੰਗ ਦੌਰਾਨ ਇਹ ਐਲਾਨ ਕੀਤਾ ਜਿਸ ਵਿੱਚ ਪੰਜਾਬ 'ਚ ਕੋਵਿਡ ਦੀ ਸਥਿਤੀ ਅਤੇ ਵੈਕਸੀਨ ਲਈ ਸੂਬੇ ਦੀਆਂ ਤਿਆਰੀਆਂ ਬਾਰੇ ਵਿਚਾਰ-ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਦੱਸਿਆ ਗਿਆ ਕਿ ਕੋਰੋਨਾ ਵੈਕਸੀਨ ਲਈ ਭਾਰਤ ਸਰਕਾਰ ਦੀ ਰਣਨੀਤੀ ਦੀ ਤਰਜ਼ 'ਤੇ ਪੰਜਾਬ ਨੇ ਸਿਹਤ ਕਾਮਿਆਂ, ਫਰੰਟਲਾਈਨ ਵਰਕਰਾਂ, ਵੱਡੀ ਉਮਰ ਦੀ ਵਿਅਕਤੀਆਂ (50 ਸਾਲ ਤੋਂ ਉਪਰ) ਅਤੇ ਹੋਰ ਬਿਮਾਰੀਆਂ ਨਾਲ ਪੀੜਤ ਲੋਕਾਂ (50 ਸਾਲ ਜਾਂ ਘੱਟ ਉਮਰ) ਨੂੰ ਤਰਜੀਹੀ ਵਰਗ ਵਿੱਚ ਸ਼ਾਮਲ ਕੀਤਾ ਹੈ।
ਪੰਜਾਬ ਦੇ ਸਿਹਤ ਸਕੱਤਰ ਹੁਸਨ ਲਾਲ ਮੁਤਾਬਕ ਸੂਬੇ ਨੇ 1.25 ਲੱਖ ਸਰਕਾਰੀ ਅਤੇ ਪ੍ਰਾਈਵੇਟ ਸਿਹਤ ਕਾਮਿਆਂ ਦਾ ਡਾਟਾ ਤਿਆਰ ਕੀਤਾ ਹੈ ਜਿਨ੍ਹਾਂ ਨੂੰ ਪਹਿਲੇ ਪੜਾਅ ਵਿੱਚ ਵੈਕਸੀਨ ਲਾਈ ਜਾਣੀ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੀਆਂ ਵੈਕਸੀਨ ਲਈ ਮਿੱਥੀਆਂ ਤਰਜੀਹਾਂ ਦੇ ਹਿਸਾਬ ਨਾਲ ਸੂਬੇ ਦੀ ਲਗਭਗ 3 ਕਰੋੜ ਦੀ ਆਬਾਦੀ ਵਿੱਚੋਂ ਤਕਰੀਬਨ 23 ਫੀਸਦੀ ਵਸੋਂ (70 ਲੱਖ) ਇਸ ਦੇ ਘੇਰੇ ਵਿੱਚ ਆਉਂਦੀ ਹੈ।
ਵੈਕਸੀਨ ਦੀ ਸੁਚਾਰੂ ਢੰਗ ਨਾਲ ਵਰਤੋਂ ਨੂੰ ਯਕੀਨੀ ਬਣਾਉਣ ਲਈ ਸੂਬੇ ਦੀ ਸੰਚਾਲਨ ਕਮੇਟੀ, ਕੌਮੀ ਸੰਚਾਲਨ ਕਮੇਟੀ ਨਾਲ ਨੇੜਿਓਂ ਤਾਲਮੇਲ ਰੱਖ ਰਹੀ ਹੈ ਜਦਕਿ ਸੂਬਾਈ ਟਾਸਕ ਫੋਰਸ ਵੱਲੋਂ ਇਸ ਲਈ ਜ਼ਿਲ੍ਹਾ ਅਤੇ ਬਲਾਕ ਪੱਧਰ ਦੀਆਂ ਕਮੇਟੀਆਂ ਨਾਲ ਮਿਲ ਕੇ ਕੰਮ ਕੀਤਾ ਜਾਵੇਗਾ। ਵਿਸ਼ਵ ਸਿਹਤ ਸੰਸਥਾ, ਯੂ.ਐਨ.ਡੀ.ਪੀ. ਵਰਗੀਆਂ ਸੰਸਥਾਵਾਂ ਇਸ ਪ੍ਰਕ੍ਰਿਆ ਵਿੱਚ ਵਿਕਾਸਮੁਖੀ ਸਹਿਯੋਗੀਆਂ ਵਜੋਂ ਕੰਮ ਕਰ ਰਹੀਆਂ ਹਨ।
ਮੌਜੂਦਾ ਸਹੂਲਤਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਸੂਬੇ ਨੇ ਕੇਂਦਰ ਸਰਕਾਰ ਨੂੰ ਵੈਕਸੀਨ ਵੈਨਾਂ, ਫਰੀਜ਼ਰ, ਰੈਫਰੀਜ੍ਰੇਟਰ, ਕੋਲਡ ਬੌਕਸ, ਵੈਕਸੀਨ ਕੈਰੀਅਰ, ਆਈਸ ਪੈਕ, ਥਰਮੋਮੀਟਰ ਅਤੇ ਸਟੈਬਲਾਈਜ਼ਰ ਸਮੇਤ ਹੋਰ ਕੋਲਡ ਚੇਨ ਸਾਜ਼ੋ-ਸਾਮਾਨ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ।