ਚੰਡੀਗੜ੍ਹ: ਕਾਂਗਰਸੀ ਸੰਸਦ ਮੈਂਬਰ ਵੱਲੋਂ ਪੰਜਾਬ ਦੇ ਡੀਜੀਪੀ ਦੀ ਨਿਰਪੱਖਤਾ 'ਤੇ ਉਂਗਲ ਚੁੱਕੇ ਜਾਣ ਉੱਤੇ ਕਰੜਾ ਰੁੱਖ ਅਪਣਾਉਂਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਪ੍ਰਤਾਪ ਸਿੰਘ ਬਾਜਵਾ ਨੂੰ ਕਰੜਾ ਜਵਾਬ ਦਿੱਤਾ ਹੈ।
ਮੇਰੇ ਨਾਲ ਗੱਲ ਕਰਨ ਬਾਜਵਾ: ਮੁੱਖ ਮੰਤਰੀ
ਕੈਪਟਨ ਨੇ ਬਾਜਵਾ ਨੂੰ ਨਸੀਹਤ ਦਿੱਤੀ ਕਿ ਉਹ ਉਨ੍ਹਾਂ (ਸੂਬੇ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ) ਨਾਲ ਰਾਬਤਾ ਕਰਨ ਜਾਂ ਦਿੱਲੀ ਵਿਖੇ ਪਾਰਟੀ ਹਾਈ ਕਮਾਨ ਕੋਲ ਪਹੁੰਚ ਕਰਨ ਜੇ ਉਨ੍ਹਾਂ ਨੂੰ ਸੂਬਾ ਸਰਕਾਰ ਖ਼ਿਲਾਫ਼ ਕੋਈ ਸ਼ਿਕਾਇਤ ਹੈ।
ਬਾਜਵਾ ਵੱਲੋਂ ਡੀਜੀਪੀ ਦਿਨਕਰ ਗੁਪਤਾ ਨੂੰ ਲਿਖੇ ਪੱਤਰ ਦਾ ਹਰਫ਼-ਬ-ਹਰਫ਼ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਰਾਜ ਸਭਾ ਮੈਂਬਰ ਦੀ ਬੁਖਲਾਹਟ ਜ਼ਾਹਰ ਹੁੰਦੀ ਹੈ ਅਤੇ ਉਨ੍ਹਾਂ ਵੱਲੋਂ ਬੋਲਿਆ ਜਾਂਦਾ ਝੂਠ ਸਭ ਦੇ ਸਾਹਮਣੇ ਆ ਗਿਆ ਹੈ।
ਬਦਲਾਖੋਰੀ ਦੇ ਇਲਜ਼ਾਮ ਨੂੰ ਕੀਤਾ ਖਾਰਜ
ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਸਰਕਾਰ ਨੇ ਬਾਜਵਾ ਖ਼ਿਲਾਫ਼ ਕੋਈ ਬਦਲਾ ਲਊ ਕਾਰਵਾਈ ਕਰਨੀ ਹੁੰਦੀ ਤਾਂ ਉਸ ਵੱਲੋਂ ਕੇਂਦਰ ਵੱਲੋਂ ਬਾਜਵਾ ਨੂੰ ਸੁਰੱਖਿਆ ਮੁਹੱਈਆ ਕਰਵਾਏ ਜਾਣ ਦਾ ਇੰਤਜ਼ਾਰ ਨਾ ਕੀਤਾ ਜਾਂਦਾ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ, ''ਕੀ ਅਸੀਂ ਤੁਹਾਡੇ ਵੱਲੋਂ ਹਮੇਸ਼ਾ ਸੂਬਾ ਸਰਕਾਰ ਦੀ ਆਲੋਚਨਾ ਕੀਤੇ ਜਾਣ ਨੂੰ ਬਰਦਾਸ਼ਤ ਨਹੀਂ ਕੀਤਾ?''। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚਲੀਆਂ ਵਿਰੋਧੀ ਪਾਰਟੀਆਂ ਵੀ ਉਨ੍ਹਾਂ ਦੀ ਸਰਕਾਰ ਉੱਤੇ ਬਦਲਾਖੋਰੀ ਦਾ ਇਲਜ਼ਾਮ ਨਹੀਂ ਲਾ ਸਕਦੀਆਂ।
ਸੁਰੱਖਿਆ ਵਾਪਸ ਲੈਣ ਦਾ ਫ਼ੈਸਲਾ ਮੇਰਾ: ਕੈਪਟਨ
ਇਹ ਸਪਸ਼ੱਟ ਕਰਦੇ ਹੋਏ ਕਿ ਕਾਂਗਰਸੀ ਸੰਸਦ ਮੈਂਬਰ ਨੂੰ ਸੂਬੇ ਵੱਲੋਂ ਦਿੱਤੀ ਸੁਰੱਖਿਆ ਵਾਪਸ ਲੈਣ ਦਾ ਫੈਸਲਾ ਬਤੌਰ ਗ੍ਰਹਿ ਮੰਤਰੀ ਉਨ੍ਹਾਂ ਦਾ ਸੀ ਜੋ ਕਿ ਪੰਜਾਬ ਪੁਲਿਸ ਤੋਂ ਮਿਲੀ ਇੰਟੈਲੀਜੈਂਸ ਦੀ ਜਾਣਕਾਰੀ 'ਤੇ ਆਧਾਰਿਤ ਸੀ, ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਡੀਜੀਪੀ ਦੇ ਉੱਤੇ ਬਾਜਵਾ ਵੱਲੋਂ ਨਿੱਜੀ ਹਮਲਾ ਕਰਨਾ ਨਾ ਸਿਰਫ਼ ਗ਼ਲਤ ਹੈ ਸਗੋਂ ਕਾਂਗਰਸ ਪਾਰਟੀ, ਜਿਸ ਦੇ ਬਾਜਵਾ ਖੁਦ ਵੀ ਸੀਨੀਅਰ ਮੈਂਬਰ ਹਨ, ਦੀਆਂ ਰਵਾਇਤਾਂ ਦੇ ਬਿਲਕੁਲ ਖ਼ਿਲਾਫ਼ ਹੈ।
ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ''ਜੇਕਰ ਬਾਜਵਾ ਨੂੰ ਮੇਰੇ ਅਤੇ ਮੇਰੀ ਸਰਕਾਰ 'ਤੇ ਕੋਈ ਭਰੋਸਾ ਨਹੀਂ ਹੈ ਤਾਂ ਉਨ੍ਹਾਂ ਨੇ ਪਾਰਟੀ ਹਾਈ ਕਮਾਨ ਤੱਕ ਪਹੁੰਚ ਕਰ ਕੇ ਆਪਣੇ ਗਿਲੇ-ਸ਼ਿਕਵੇ ਸਾਹਮਣੇ ਕਿਉਂ ਨਹੀਂ ਰੱਖੇ? ਕੀ ਉਨ੍ਹਾਂ ਨੂੰ ਪਾਰਟੀ ਹਾਈ ਕਮਾਨ ਉੱਤੇ ਵੀ ਵਿਸ਼ਵਾਸ ਨਹੀਂ ਰਿਹਾ।''
ਸੂਬੇ ਦੇ ਹਿੱਤਾਂ ਦੇ ਮੱਦੇਨਜ਼ਰ ਲਿਆ ਫ਼ੈਸਲਾ
ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਪੰਜਾਬ ਵਿੱਚ ਬਾਜਵਾ ਇਕੱਲੇ ਵਿਅਕਤੀ ਨਹੀਂ ਹਨ ਜਿਨ੍ਹਾਂ ਦੀ ਸੁਰੱਖਿਆ ਕੋਵਿਡ ਮਹਾਂਮਾਰੀ ਦੇ ਸਾਹਮਣੇ ਆਉਣ ਤੋਂ ਬਾਅਦ ਵਾਪਸ ਲਈ ਗਈ ਹੈ। ਇਸ ਪਿੱਛੇ ਕਾਰਨ ਇਹ ਸੀ ਕਿ ਕੋਵਿਡ ਦੀ ਸਥਿਤੀ ਨੂੰ ਵੇਖਦੇ ਹੋਏ ਅਤੇ ਸੂਬੇ ਦੇ ਹਿੱਤਾਂ ਦੇ ਮੱਦੇਨਜ਼ਰ 6500 ਪੁਲਿਸ ਮੁਲਾਜ਼ਮ ਪੂਰੇ ਸੂਬੇ ਵਿੱਚ ਸੁਰੱਖਿਆ ਡਿਊਟੀਆਂ ਤੋਂ ਵਾਪਸ ਲੈ ਲਏ ਗਏ ਸਨ। ਉਨ੍ਹਾਂ ਅੱਗੇ ਕਿਹਾ ਕਿ ਜਿੱਥੋਂ ਤੱਕ ਬਾਜਵਾ ਦੀ ਗੱਲ ਹੈ ਤਾਂ ਉਪਰੋਕਤ ਵਿੱਚ ਉਨ੍ਹਾਂ ਦੇ ਸੁਰੱਖਿਆ ਕਰਮੀਆਂ ਦੀ ਗਿਣਤੀ ਸਿਰਫ਼ ਛੇ ਸੀ।
ਬਾਦਲਾਂ ਨੂੰ ਸੁਰੱਖਿਆ ਦੇਣ ਬਾਰੇ ਦਿੱਤਾ ਜਵਾਬ
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਤੀਜੀ ਗੱਲ ਬਾਦਲਾਂ ਨੂੰ ਖਤਰੇ ਦੀ ਸੰਭਾਵਨਾ ਜਿਸ ਦੀ ਆੜ ਵਿੱਚ ਬਾਜਵਾ ਸੂਬਾ ਸਰਕਾਰ ਅਤੇ ਪੁਲਿਸ ਖ਼ਿਲਾਫ਼ ਆਪਣੇ ਬੇਬੁਨਿਆਦ ਦੋਸ਼ਾਂ ਨੂੰ ਜਾਇਜ਼ ਠਹਿਰਾਉਣ ਲਈ ਲਗਾਤਾਰ ਬੋਲ ਰਹੇ ਹਨ, ਦੀ ਪਛਾਣ ਉਸੇ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਸੀ ਜਿਸ 'ਤੇ ਸੰਸਦ ਮੈਂਬਰ ਪੱਖਪਾਤ ਦੇ ਦੋਸ਼ ਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਯਕੀਨ ਕਰਨੀ ਗੈਰ ਤਰਕਸੰਗਤ ਹੈ ਕਿ ਪੁਲਿਸ ਫੋਰਸ ਜੋ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਸੁਰੱਖਿਆ ਮੁਹੱਈਆ ਕਰਵਾਉਂਦੀ ਹੈ, ਉਹ ਬਿਨਾਂ ਕਿਸੇ ਕਾਰਨ ਤੋਂ ਸੱਤਾਧਾਰੀ ਪਾਰਟੀ ਦੇ ਸੰਸਦ ਮੈਂਬਰ ਤੋਂ ਸੁਰੱਖਿਆ ਵਾਪਸ ਲੈ ਲਵੇ।
ਬਾਜਵਾ ਨੇ ਬਣਾਇਆ ਵਕਾਰ ਦਾ ਸਵਾਲ
ਮੁੱਖ ਮੰਤਰੀ ਨੇ ਕਿਹਾ ਕਿ ਫੇਰ ਵੀ ਜੇ ਬਾਜਵਾ ਨਿੱਜੀ ਸੁਰੱਖਿਆ ਨੂੰ ਵਕਾਰ ਦਾ ਸਵਾਲ ਬਣਾ ਰਹੇ ਹਨ ਜਿਵੇਂ ਕਿ ਲੱਗ ਰਿਹਾ ਹੈ, ਉਨ੍ਹਾਂ ਦੀ ਹਊਮੇ ਇਸ ਤੱਥ ਨਾਲ ਸੰਤੁਸ਼ਟ ਹੋਣੀ ਚਾਹੀਦੀ ਹੈ ਕਿ ਉਨ੍ਹਾਂ ਕੋਲ 25 ਤੋਂ ਵੱਧ ਸੀ.ਆਈ.ਐਸ.ਐਫ. ਕਰਮੀ ਸੁਰੱਖਿਆ ਲਈ ਤਾਇਨਾਤ ਹਨ।
ਉਨ੍ਹਾਂ ਅੱਗੇ ਕਿਹਾ ਕਿ ਇਹ ਸੱਚ ਹੈ ਕਿ 2019 ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਸੀ ਕਿ ਬਾਜਵਾ ਨੂੰ ਕੋਈ ਜ਼ੈਡ ਸੁਰੱਖਿਆ ਦੀ ਲੋੜ ਨਹੀਂ ਕਿਉਂ ਜੋ ਉਸ ਨੂੰ ''ਕੋਈ ਵਿਸ਼ੇਸ਼ ਖਤਰਾ ਦੱਸਣ ਵਾਲਾ ਕੋਈ ਇਨਪੁੱਟ ਨਹੀਂ ਹੈ।''
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇ ਗ੍ਰਹਿ ਮੰਤਰਾਲੇ ਨੂੰ ਪਿਛਲੇ ਸਾਲ ਜੁਲਾਈ ਮਹੀਨੇ ਤੋਂ ਬਾਅਦ ਕੋਈ ਇੰਟੈਲੀਜੈਂਸੀ ਇਨਪੁੱਟ ਮਿਲ ਗਿਆ ਸੀ ਤਾਂ ਉਨ੍ਹਾਂ ਨੇ ਇਹ ਗੱਲ ਸੂਬਾ ਸਰਕਾਰ ਨਾਲ ਸਾਂਝੀ ਨਾ ਕਰਨ ਦਾ ਫੈਸਲਾ ਕੀਤਾ ਜਿਨ੍ਹਾਂ ਨਾਲ ਉਨ੍ਹਾਂ ਨੇ ਬਾਜਵਾ ਨੂੰ ਸੀ.ਆਈ.ਐਸ.ਐਫ. ਸੁਰੱਖਿਆ ਬਹਾਲ ਕਰਨ ਬਾਰੇ ਸਲਾਹ ਮਸ਼ਵਰਾ ਨਹੀਂ ਕੀਤਾ।
ਬਾਜਵਾ ਵੱਲੋਂ ਪੁਲਿਸ ਬਲ ਦਾ ਮਨੋਬਲ ਡੇਗਣ ਦੀ ਕੋਸ਼ਿਸ਼
ਮੁੱਖ ਮੰਤਰੀ ਨੇ ਕਿਹਾ ਕਿ ਬਦਕਿਸਮਤੀ ਨਾਲ ਇਸ ਸਾਰੇ ਮਾਮਲੇ ਨੂੰ ਆਪਣੇ ਹੀ ਨਜ਼ਰੀਏ ਨਾਲ ਵੇਖ ਕੇ ਬਾਜਵਾ ਨੇ ਇਕ ਵਾਰ ਫੇਰ ਰਾਜਸੀ ਪ੍ਰਪੱਕਤਾ ਦੀ ਘਾਟ ਦਿਖਾਈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਪੁਲਿਸ ਉਤੇ ਖਤਰੇ ਦੀ ਸੰਭਾਵਨਾ ਦਾ ਸਿਆਸੀਕਰਨ ਕਰਨ ਦੇ ਦੋਸ਼ ਲਗਾ ਕੇ ਰਾਜ ਸਭਾ ਮੈਂਬਰ ਨੇ ਪੁਲਿਸ ਬਲ ਦਾ ਮਨੋਬਲ ਡੇਗਣ ਦੀ ਕੋਸ਼ਿਸ਼ ਕੀਤੀ ਹੈ ਜਿਸ ਦਾ ਬਿਹਤਰ ਰਿਕਾਰਡ ਹੈ ਅਤੇ ਜਿਹੜੀ ਪੰਜਾਬ ਅਤੇ ਇਥੋਂ ਦੇ ਲੋਕਾਂ ਦੀ ਪਿਛਲੇ ਤਿੰਨ ਸਾਲਾਂ ਤੋਂ ਵੱਧ ਸਮੇਂ ਤੋਂ ਅਤਿਵਾਦ, ਨਸ਼ਾ ਅਤਿਵਾਦ, ਮਾਫੀਆ ਤੇ ਗੈਂਗਸਟਰਾਂ ਤੋਂ ਰੱਖਿਆ ਕਰ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ, ''ਕੀ ਬਾਜਵਾ ਸੱਚੀ ਵਿਸ਼ਵਾਸ ਕਰਦੇ ਹਨ ਅਤੇ ਚਾਹੁੰਦੇ ਹਨ ਕਿ ਲੋਕ ਵਿਸ਼ਵਾਸ ਕਰਨ ਕਿ ਜਿਸ ਪੁਲਿਸ ਫੋਰਸ ਵਿੱਚ ਮਰਿਆਦਾ, ਸੁਤੰਤਰਤਾ ਤੇ ਪੇਸ਼ੇਵਾਰ ਨੈਤਿਕਤਾ ਦੀ ਘਾਟ ਹੈ ਉਸ ਨੇ ਇਹ ਸਭ ਹਾਸਲ ਕੀਤਾ?''