ਚੰਡੀਗੜ੍ਹ: ਡਾ. ਮਨਦੀਪ ਕੌਰ ਜਿਨ੍ਹਾਂ ਨੇ ਪੜ੍ਹਾਈ ਤਾਂ ਡਾਕਟਰੀ ਦੀ ਕੀਤੀ ਪਰ ਕਾਲਜ ਵਿੱਚ ਦੋਸਤਾਂ ਵੱਲੋਂ ਮੋਟੀ ਹੋਣ ਕਾਰਨ ਚਿੜਾਉਣ ਕਾਰਨ ਮੋਟਾਪੇ ਨੂੰ ਘਟਾਉਣ ਲਈ ਜੁਆਇਨ ਕੀਤੇ ਜਿੰਮ ਨੇ ਉਸਦੀ ਜ਼ਿੰਦਗੀ ਬਦਲ ਦਿੱਤੀ। ਜਿੰਮ ਵਿੱਚ ਲਗਾਤਾਰ ਆਪਣੀ ਫਿੱਟਨੈਸ ਬਣਾਉਣ ਤੋਂ ਬਾਅਦ ਡਾਕਟਰ ਤੋਂ ਬਾਡੀ ਬਿਲਡਰ ਬਣੀ ਡਾ. ਮਨਦੀਪ ਕੌਰ ਮੈਂਡੀ ਨੇ ਕੰਪੀਟੀਸ਼ਨ ਖੇਡਣੇ ਸ਼ੁਰੂ ਕੀਤੇ ਤੇ ਕਈ ਇਨਾਮ ਵੀ ਜਿੱਤੇ ਹਨ। ਹੁਣ ਉਹ ਉਲੰਪਿਕ ਵਿੱਚ ਖੇਡਣਾ ਚਾਹੁੰਦੀ ਹੈ ਪਰ ਘਰ ਦੇ ਆਰਥਿਕ ਹਾਲਾਤ ਇਸ ਵਿੱਚ ਅੜਚਨ ਬਣ ਰਹੇ ਹਨ। ਆਓ ਈਟੀਵੀ ਭਾਰਤ ਵੱਲੋਂ ਉਨ੍ਹਾਂ ਨਾਲ ਗੱਲਬਾਤ ਸੁਣੀਏ....
ਮਨਦੀਪ ਕੌਰ ਡਾਕਟਰ ਤੋਂ ਕਿਵੇਂ ਬਣੀ ਪ੍ਰੋਫ਼ੈਸ਼ਨਲ ਬਾਡੀ ਬਿਲਡਰ ਡਾਕਟਰੀ ਦੀ ਪੜ੍ਹਾਈ ਕਰਨ ਦੇ ਬਾਵਜੂਦ ਪ੍ਰੋਫ਼ੈਸ਼ਨਲ ਬਾਡੀ ਬਿਲਡਿੰਗ ਵੱਲ ਕਿਵੇਂ ਰੁਝਾਨ ਬਣਿਆ?
ਕਾਲਜ ਦੇ ਦਿਨਾਂ ਵਿੱਚ ਪਹਿਲਾਂ ਮੈਂ ਜ਼ਿਆਦਾ ਮੋਟੀ ਸੀ ਤੇ ਮੇਰਾ ਵਜ਼ਨ 65 ਕਿੱਲੋ ਦੇ ਲਗਭਗ ਸੀ, ਜਿਸ ਕਾਰਨ ਸਾਰੇ ਦੋਸਤ ਮੈਨੂੰ ਚਿੜਾਉਂਦੇ ਰਹਿੰਦੇ ਸਨ। ਭਾਰ ਵਧਣ ਕਾਰਨ ਮੇਰੀ ਉਮਰ ਵੀ ਜ਼ਿਆਦਾ ਲੱਗਦੀ ਸੀ। ਮੈਂ ਵੀ ਹੋਰਾ ਦੀ ਤਰ੍ਹਾਂ ਪੂਰੀ ਤਰ੍ਹਾਂ ਫਿਟਿੰਗ ਵਾਲੇ ਕੱਪੜੇ ਪਾਉਣਾ ਚਾਹੁੰਦੀ ਸੀ ਅਤੇ ਸੋਹਣਾ ਦਿੱਸਣਾ ਚਾਹੁੰਦੀ ਸੀ। ਇਸ ਲਈ ਮੈਂ ਖ਼ੂਬਸੂਰਤ ਦਿੱਸਣ ਅਤੇ ਭਾਰ ਘਟਾਉਣ ਦੇ ਨਾਲ ਫਿੱਟਨੈਸ ਲਈ ਜ਼ਿੰਮ ਜੁਆਇੰਨ ਕੀਤਾ ਸੀ।
ਜ਼ਿੰਮ ਕਰਦੇ-ਕਰਦੇ ਮੈਨੂੰ ਦੋ ਸਾਲ ਹੋ ਗਏ ਸਨ ਤੇ ਮੈਂ ਡਾਇਟ ਵੱਲ ਵੀ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਚੇਤਾ ਆਇਆ ਕਿ ਜਦੋਂ ਮੈਂ ਫਿਟਨੈਸ ਲਈ ਇੰਨਾ ਕੁਝ ਕਰ ਰਹੀ ਹਾਂ ਤਾਂ ਫਿਰ ਬਾਡੀ ਬਿਲਡਿੰਗ ਕਿਉਂ ਨਹੀਂ ਜਿਸ 'ਤੇ ਮੈਂ ਬਾਡੀ ਬਿਲਡਿੰਗ ਵੱਲ ਕਦਮ ਪੁੱਟਿਆ।
ਮਨਦੀਪ ਕੌਰ ਡਾਕਟਰ ਤੋਂ ਕਿਵੇਂ ਬਣੀ ਪ੍ਰੋਫ਼ੈਸ਼ਨਲ ਬਾਡੀ ਬਿਲਡਰ ਕੀ ਬਾਡੀ ਬਿਲਡਿੰਗ ਲਈ ਕੋਈ ਸਪਲੀਮੈਂਟ ਵੀ ਵਰਤੇ?
ਬਾਡੀ ਬਿਲਡਿੰਗ ਲਈ ਮੈਨੂੰ ਕਈਆਂ ਨੇ ਸਪਲੀਮੈਂਟ ਲੈਣ ਬਾਰੇ ਵੀ ਕਿਹਾ ਗਿਆ ਪਰੰਤੂ ਮੈਂ ਇਸ ਦੇ ਹੱਕ ਵਿੱਚ ਨਹੀਂ ਸੀ। ਇਸ ਲਈ ਮੈਂ ਖ਼ੁਦ ਡਾਇਟ ਬਾਰੇ ਵੀ ਰਿਸਰਚ ਕੀਤੀ ਅਤੇ ਸਿਰਫ਼ ਮੈਂ ਕੁਦਰਤੀ ਡਾਇਟ ਵੱਲ ਹੀ ਧਿਆਨ ਦਿੱਤਾ। ਉਪਰੰਤ ਬਾਡੀ ਬਿਲਡਿੰਗ ਲਈ ਮੈਂ ਆਪਣੇ ਪਹਿਲੇ ਕੋਚ ਭੈਰੋਵਾਲ ਸਿੰਘ ਵਾਲੀਆ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਨਵੰਬਰ ਵਿੱਚ ਹੋਣ ਵਾਲੇ 'ਮਸਲ ਮੀਨੀਆ ਇੰਡੀਆ' ਲਈ ਤਿਆਰੀ ਕਰਨ ਬਾਰੇ ਕਿਹਾ।
ਕੀ ਘਰ ਵਾਲਿਆਂ ਨੇ ਕੱਪੜਿਆਂ 'ਤੇ ਸਵਾਲ ਨਹੀਂ ਚੁੱਕੇ?
ਮੈਂ ਉਸ ਸਮੇਂ ਬਹੁਤ ਜ਼ਿਆਦਾ ਸ਼ਰਮਾਉਂਦੀ ਸੀ ਤੇ ਜ਼ਿੰਮ ਵਿੱਚ ਕਸਰਤ ਵਾਲੇ ਕੱਪੜਿਆਂ ਦੀ ਥਾਂ ਵੀ ਪੂਰੇ ਕੱਪੜੇ ਪਹਿਨਦੀ ਸੀ। ਪਹਿਲੇ ਸ਼ੋਅ ਤੋਂ ਦੌਰਾਨ ਵੀ ਜਦੋਂ ਕੋਚ ਵੱਲੋਂ ਮੈਨੂੰ ਸਟੇਜ ਵਾਲੇ ਕੱਪੜੇ ਪਹਿਨਣ ਨੂੰ ਮਿਲੇ ਤਾਂ ਮੈਂ ਬਹੁਤ ਨਰਵਸ ਹੋ ਗਈ ਸੀ, ਜਿਸ ਕਾਰਨ ਉਸ ਦਾ ਸਰੀਰ ਵੀ ਫੁੱਲ ਗਿਆ ਸੀ।
ਬਾਡੀ ਬਿਲਡਿੰਗ ਦਾ ਪਹਿਲਾ ਸ਼ੋਅ ਕਿਵੇਂ ਰਿਹਾ?
ਮੇਰਾ ਪਹਿਲਾ ਸ਼ੋਅ ਮਸਲ ਮੀਨੀਆ ਇੰਡੀਆ ਨਵੰਬਰ 2019 ਵਿੱਚ ਹੋਇਆ। ਮੇਰੇ ਕੋਲ ਮਸਲ ਮੀਨੀਆ ਲਈ 6 ਮਹੀਨੇ ਸਨ, ਜੋ ਕਿ ਇੱਕ ਵਧੀਆ ਕੋਚ ਵੱਲੋਂ ਅਕਸਰ ਕਿਹਾ ਜਾਂਦਾ ਹੈ। ਇਸ ਸਮੇਂ ਵਿੱਚ ਡਾਇਟ ਅਪ-ਡਾਊਨ ਵੀ ਹੁੰਦਾ ਰਹਿੰਦਾ ਹੈ, ਪਰੰਤੂ ਇਸ ਸਮੇਂ ਟੀਚਾ ਸਿਰਫ਼ ਸੋ਼ਅ ਖੇਡਣ ਦਾ ਸੀ। ਇਸ ਸ਼ੋਅ ਵਿੱਚ ਮੈਂ ਦੂਜਾ ਸਥਾਨ ਹਾਸਲ ਕੀਤਾ, ਜੋ ਮੇਰੇ ਲਈ ਬਹੁਤ ਹੀ ਖ਼ੁਸ਼ੀ ਵਾਲਾ ਪਲ ਸੀ, ਪਰੰਤੂ ਜਦੋਂ ਫਾਈਨਲ ਸੀ ਤਾਂ ਮੁੰਬਈ ਬਹੁਤ ਮੁਸ਼ਕਿਲ ਨਾਲ ਪੁੱਜੀ ਕਿਉਂਕਿ ਮੇਰੇ ਕੋਲ ਪੈਸੇ ਨਹੀਂ ਸਨ....।
ਮੁੰਬਈ ਵਿਖੇ ਫ਼ਾਈਨਲ 'ਚ ਪੁੱਜਣ ਸਮੇਂ ਕੀ ਕੋਈ ਸਮੱਸਿਆ ਵੀ ਆਈ ਤੇ ਕੀ ਤੁਸੀ ਜਿੱਤੇ ?
ਮਸਲ ਮੀਨੀਆ ਤੋਂ ਬਾਅਦ ਮੇਰਾ ਮੁੰਬਈ ਵਿਖੇ ਫਾਈਨਲ ਹੋਣਾ ਸੀ, ਪਰੰਤੂ ਮੇਰੇ ਕੋਲ ਕੋਈ ਵੀ ਪੈਸੇ ਨਹੀਂ ਸੀ। ਮੈਂ ਜਦੋਂ ਕੋਚ ਨੂੰ ਪੈਸਿਆਂ ਲਈ ਕਿਹਾ ਤਾਂ ਉਨ੍ਹਾਂ ਕਿਹਾ ਕਿ ਕੋਈ ਗੱਲ ਨਹੀਂ ਅਗਲੀ ਵਾਰ ਸ਼ੋਅ ਕਰ ਲਵੇ। ਇਸ ਗੱਲ ਨਾਲ ਮੈਨੂੰ ਬਹੁਤ ਹੀ ਧੱਕਾ ਲੱਗਾ ਕਿਉਂਕਿ ਜਦੋਂ ਇੰਨੀ ਮਿਹਨਤ ਤੋਂ ਬਾਅਦ ਕੋਈ ਤੁਹਾਨੂੰ ਇਹ ਕਹੇ ਕਿ ਅਗਲੀ ਵਾਰ ਸਹੀ ਤਾਂ ਬਹੁਤ ਦੁੱਖ ਹੁੰਦਾ ਹੈ। ਫਿਰ ਮੈਂ ਆਪਣੇ ਇੱਕ ਦੋਸਤ ਨੂੰ ਫੋਨ ਕੀਤਾ ਤਾਂ ਉਸ ਨੇ ਤੁਰੰਤ ਪੈਸਿਆਂ ਦਾ ਇੰਤਜ਼ਾਮ ਕੀਤਾ, ਜਿਸ ਕਾਰਨ ਮੈਂ ਸ਼ੋਅ ਖੇਡ ਸਕੀ ਅਤੇ ਪਹਿਲੇ ਤਿੰਨਾਂ ਵਿੱਚ ਸਥਾਨ ਹਾਸਲ ਕੀਤੀ। ਮੈਂ ਬਹੁਤ ਹੀ ਖ਼ੁਸ਼ ਸਾਂ ਕਿਉਂਕਿ ਮੈਂ ਇਥੇ ਸਿਰਫ਼ ਮਨੋਰੰਜਨ ਲਈ ਆਈ ਸੀ।
ਕੀ ਉਲੰਪਿਕ ਲਈ ਕੋਈ ਟੀਚਾ ਰੱਖਿਆ ਹੈ?
ਮੈਂ ਉਲਪਿੰਕ ਤਾਂ ਜ਼ਰੂਰ ਹੀ ਖੇਡਾਂਗੀ। ਹਾਲਾਂਕਿ ਅਜੇ ਮੇਰੀ ਕੋਈ ਆਰਥਿਕ ਮਦਦ ਨਹੀਂ ਹੈ। ਮੈਂ ਅਜੇ ਤੱਕ ਜਿੰਨੀ ਵੀ ਕਮਾਈ ਕੀਤੀ ਹੈ ਉਹ ਆਨਲਾਈਨ ਟ੍ਰੇਨਿੰਗ ਰਾਹੀਂ ਕੀਤੀ ਸੀ। ਉਸ ਲਈ ਵੀ ਹੁਣ ਸਮਾਂ ਕੱਢਣਾ ਬਹੁਤ ਮੁਸ਼ਕਿਲ ਹੋ ਗਿਆ ਹੈ ਕਿਉਂਕਿ ਇੱਕ ਵਧੀਆ ਕੋਚ ਲਈ ਤੁਹਾਨੂੰ ਫ਼ੀਸ ਵੀ ਵਧੀਆ ਦੇਣੀ ਪੈਂਦੀ ਹੈ ਅਤੇ ਇਸ ਸਮੇਂ ਪੈਸਿਆਂ ਦੀ ਬਹੁਤ ਹੀ ਮੁਸ਼ਕਿਲ ਹੈ।
ਪਰਿਵਾਰ ਵਾਲਿਆਂ ਨੇ ਤੁਹਾਡਾ ਕਿਵੇਂ ਅਤੇ ਕਿੰਨਾ ਸਾਥ ਦਿੱਤਾ?
ਹਾਲਾਂਕਿ ਡੈਡੀ ਜ਼ਿਆਦਾ ਸਾਥ ਨਹੀਂ ਦਿੰਦੇ ਪਰ ਮੰਮੀ ਨੇ ਹਮੇਸ਼ਾ ਮੈਨੂੰ ਸਾਥ ਦਿੱਤਾ ਹੈ। ਮੇਰੀ ਮੰਮੀ ਸ਼ੁਰੂ ਤੋਂ ਹੀ ਜ਼ਾਬ ਕਰਦੇ ਹਨ। ਪਾਪਾ ਬਾਹਰ ਰਹਿੰਦੇ ਸਨ ਪਰੰਤੂ ਹੁਣ ਇੰਡੀਆ ਆ ਗਏ ਸਨ, ਉਨ੍ਹਾਂ ਦਾ ਐਕਸੀਡੈਂਟ ਹੋ ਗਿਆ ਸੀ।
ਤੁਹਾਡਾ ਟੀਚਾ ਕੀ ਹੈ, ਹੁਣ ਜਦੋਂ ਤੁਸੀ ਆਰਥਿਕ ਹਾਲਾਤ ਨਾਲ ਜੂਝ ਰਹੇ ਹੋ ਤੇ ਕੌਣ-ਕੌਣ ਆਨਲਾਈਨ ਕੋਚਿੰਗ ਨਾਲ ਜੁੜਿਆ ਹੋਇਆ ਹੈ?
ਮੇਰੇ ਕੋਲ ਔਰਤਾਂ ਫ਼ਿਟਨੈਸ, ਭਾਰ ਘਟਾਉਣ ਅਤੇ ਮਾਡਲਿੰਗ ਕਰਨ ਵਾਲੀਆਂ ਕੁੜੀਆਂ ਆਉਂਦੀਆਂ ਹਨ। ਪਰੰਤੂ ਸਭ ਤੋਂ ਜ਼ਿਆਦਾ ਆਮ ਤੌਰ 'ਤੇ ਮੋਟਾਪੇ ਤੋਂ ਪ੍ਰੇਸ਼ਾਨ ਕੁੜੀਆਂ ਹੁੰਦੀਆਂ ਹਨ, ਕਿਉਂਕਿ ਹਰ ਕੋਈ ਉਨ੍ਹਾਂ ਨੂੰ ਮੋਟਾਪੇ ਕਾਰਨ ਚਿੜਾਉਂਦਾ ਰਹਿੰਦਾ ਹੈ, ਜਿਸ ਕਾਰਨ ਉਹ ਬਹੁਤ ਪ੍ਰੇਸ਼ਾਨ ਹੋ ਜਾਂਦੀਆਂ ਹਨ। ਉਨ੍ਹਾਂ ਵਿੱਚ ਆਤਮ-ਵਿਸ਼ਵਾਸ ਵੀ ਘੱਟ ਹੁੰਦਾ ਹੈ। ਸੋ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਜਦੋਂ ਪਹਿਲਾਂ ਹੀ ਵਿਅਕਤੀ ਮੋਟਾਪੇ ਤੋਂ ਪ੍ਰੇਸ਼ਾਨ ਹਨ ਤਾਂ ਉਸ ਨੂੰ ਚਿੜਾ ਕੇ ਹੋਰ ਪ੍ਰੇਸ਼ਾਨ ਨਾ ਕਰਨ।
ਜੇਕਰ ਚੰਡੀਗੜ੍ਹ ਪ੍ਰਸ਼ਾਸਨ ਜਾਂ ਸਰਕਾਰ ਵੱਲੋਂ ਕੋਈ ਆਰਥਿਕ ਮਦਦ ਜਾਂ ਆਫ਼ਰ ਮਿਲਦਾ ਹੈ ਤਾਂ ਤੁਸੀ ਕਿੱਥੋਂ ਤੱਕ ਖੇਡੋਗੇ?
ਹਾਲਾਂਕਿ ਅਜੇ ਤੱਕ ਤਾਂ ਮੈਨੂੰ ਅਜਿਹੀ ਕੋਈ ਸਹਾਇਤਾ ਨਹੀਂ ਮਿਲੀ ਹੈ ਪਰ ਭਵਿੱਖ ਵਿੱਚ ਜੇਕਰ ਆਰਥਿਕ ਮਦਦ ਮਿਲਦੀ ਹੈ ਤਾਂ ਮੈਂ ਬਹੁਤ ਵਧੀਆ ਕਰਾਂਗੀ ਅਤੇ ਮੈਨੂੰ ਕੋਈ ਨਹੀਂ ਰੋਕ ਸਕੇਗਾ। ਮੇਰਾ ਮੰਨਣਾ ਹੈ ਕਿ ਜਦੋਂ ਕੋਈ ਕਿਸੇ ਔਰਤ ਨੂੰ ਖੇਡਾਂ ਵਿੱਚ ਸਪੋਰਟ ਕਰਦਾ ਹੈ ਤਾਂ ਉਸ ਨੂੰ ਕੋਈ ਨਹੀਂ ਰੋਕ ਸਕਦਾ।
ਭਾਰਤ ਵਿੱਚ ਮਹਿਲਾ ਬਾਡੀ ਬਿਲਡਰ ਦੀ ਕੀ ਪਛਾਣ ਹੈ?
ਦੇਸ਼ ਵਿੱਚ ਬਹੁਤ ਹੀ ਘੱਟ ਮਹਿਲਾ ਬਾਡੀ ਬਿਲਡਰ ਹਨ। ਜ਼ਿਆਦਾਤਰ ਮੁੰਬਈ ਤੇ ਦਿੱਲੀ ਤੋਂ ਹੀ ਹੁੰਦੇ ਹਨ, ਉਹ ਵੀ ਆਸਪਾਸ ਦੇ ਛੋਟੇ ਖੇਤਰਾਂ ਤੋਂ ਹੁੰਦੇ ਹਨ। ਕਈਆਂ ਨੇ ਆਪਣੇ ਘਰ ਵੀ ਛੱਡੇ ਹੋਏ ਹੁੰਦੇ ਹਨ। ਮੈਂ ਬਹੁਤ ਹੀ ਖ਼ੁਸ਼ ਹਾਂ ਕਿ ਮੈਨੂੰ ਪਰਿਵਾਰ ਦੀ ਸਪੋਰਟ ਹੈ। ਆਰਥਿਕ ਤੌਰ 'ਤੇ ਮੇਰੀ ਮੰਮੀ ਨੇ ਮੇਰੀ ਬਹੁਤ ਮਦਦ ਕੀਤੀ ਹੈ ਅਤੇ ਹੁਣ ਵੀ ਕਰ ਰਹੇ ਹਨ। ਘਰ ਦੇ ਖਰਚਿਆਂ ਕਾਰਨ ਕਈ ਵਾਰੀ ਮੈਨੂੰ ਇੰਝ ਵੀ ਲਗਦਾ ਹੈ ਕਿ ਇਹ ਸਭ ਛੱਡ ਦੇਵਾਂ ਪਰ ਮੈਂ ਪਿੱਛੇ ਨਹੀਂ ਹਟਣਾ ਚਾਹੁੰਦੀ ਕਿਉਂਕਿ ਮੈਨੂੰ ਪ੍ਰਮਾਤਮਾ 'ਤੇ ਪੂਰਾ ਭਰੋਸਾ ਹੈ ਕਿ ਸਭ ਠੀਕ ਹੋਵੇਗਾ।
ਮੈਨੂੰ ਬਾਡੀ ਬਿਲਡਿੰਗ ਵਿੱਚ ਹੁਣ ਤਿੰਨ ਤੋਂ ਪੰਜ ਸਾਲ ਹੋ ਜਾਣਗੇ। ਮੈਨੂੰ ਪੂਰਾ ਭਰੋਸਾ ਹੈ ਕਿ ਮੈਂ ਉਲਪਿੰਕ ਵਿੱਚ ਪੁੱਜ ਸਕਦੀ ਹਾਂ।