ਚੰਡੀਗੜ੍ਹ: ਪੰਜਾਬ ਵਿੱਚ 2017 ਵਿੱਚ ਕਰੋੜਾਂ ਰੁਪਏ ਦਾ ਸਿੰਚਾਈ ਘੁਟਾਲਾ ਹੋਇਆ ਸੀ। ਜਿਸ ਦੀ ਜਾਂਚ ਵਿਜੀਲੈਂਸ ਵਲੋਂ ਕੀਤੀ ਗਈ ਸੀ। ਇਸ ਜਾਂਚ 'ਚ ਮੁੱਖ ਦੋਸ਼ੀ ਗੁਰਿੰਦਰ ਸਿੰਘ ਵੱਲੋਂ ਦੋ ਸਾਬਕਾ ਮੰਤਰੀਆਂ, ਉਨ੍ਹਾਂ ਦੇ ਪੀਏ ਅਤੇ ਤਿੰਨ ਆਈ.ਏ.ਐਸ ਅਧਿਕਾਰੀਆਂ ਨੂੰ ਠੇਕੇ 'ਤੇ ਲੈਣ ਦੇਣ ਲਈ ਕਰੋੜਾਂ ਰੁਪਏ ਦਿੱਤੇ ਜਾਣ ਦਾ ਇਕਬਾਲੀਆ ਬਿਆਨ ਦਿੱਤਾ ਗਿਆ ਸੀ। ਇਸ ਪੂਰੇ ਮਾਮਲੇ 'ਤੇ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕਰਨ ਦੇ ਖ਼ਿਲਾਫ਼ ਹਾਈ ਕੋਰਟ ਵਿੱਚ ਇਕ ਜਨਹਿਤ ਪਟੀਸ਼ਨ ਦਾਖ਼ਲ ਕੀਤੀ ਗਈ ਹੈ। ਇਸ ਮਾਮਲੇ ਵਿੱਚ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਹਾਈਕੋਰਟ ਨੇ ਇਸ ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ ਪੰਜਾਬ ਸਰਕਾਰ ਨੂੰ ਪਟੀਸ਼ਨਰ ਦੀ ਇਸ ਸ਼ਿਕਾਇਤ 'ਤੇ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਮਾਮਲੇ ਨੂੰ ਲੈ ਕੇ ਬਠਿੰਡਾ ਦੇ ਹਰਮੀਤ ਸਿੰਘ ਨੇ ਸੀਨੀਅਰ ਐਡਵੋਕੇਟ ਬਲਦੇਵ ਸਿੰਘ ਸਿੱਧੂ ਦੇ ਜ਼ਰੀਏ ਹਾਈ ਕੋਰਟ ਵਿੱਚ ਦਾਖ਼ਲ ਪਟੀਸ਼ਨ ਵਿੱਚ ਦੱਸਿਆ ਹੈ ਕਿ ਇਸ ਸਿੰਚਾਈ ਘੁਟਾਲੇ ਦਾ ਮੁੱਖ ਦੋਸ਼ੀ ਗੁਰਿੰਦਰ ਸਿੰਘ ਸੀ । 19 ਦਸੰਬਰ 2017 ਨੂੰ ਗੁਰਿੰਦਰ ਸਿੰਘ ਨੇ ਇਸ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਦੇ ਸਾਹਮਣੇ ਬਿਆਨ ਦਿੱਤੇ ਸੀ ਕਿ ਜਦੋਂ ਵੀ ਉਸ ਨੂੰ ਆਪਣੇ ਕੰਮ ਦੇ ਬਦਲੇ ਪੇਮੈਂਟ ਮਿਲਦੀ ਸੀ ਤਾਂ ਉਹ ਕਈ ਸੀਨੀਅਰ ਅਧਿਕਾਰੀਆਂ ਨੂੰ ਉਨ੍ਹਾਂ ਦਾ ਹਿੱਸਾ ਦਿੰਦਾ ਰਿਹਾ।
ਇਹ ਵੀ ਪੜ੍ਹੋ:100 ਤੋਂ ਵੱਧ ਕਿਸਾਨਾਂ ਖ਼ਿਲਾਫ਼ ਦੇਸ਼ ਧ੍ਰੋਹ ਦਾ ਮਾਮਲਾ ਦਰਜ