ਚੰਡੀਗੜ੍ਹ: ਬਰਗਾੜੀ ਬੇਅਦਬੀ ਮਾਮਲੇ ਦੇ ਵਿੱਚ ਆਰੋਪੀ ਸੁਖਜਿੰਦਰ ਸਿੰਘ ਉਰਫ਼ ਸੰਨੀ ਨੇ ਹਾਈ ਕੋਰਟ ਦਾ ਰੁਖ਼ ਕੀਤਾ ਕਰਦੇ ਹੋਏ ਐੱਸਆਈਟੀ ਵੱਲੋਂ ਕੀਤੀ ਜਾ ਰਹੀ ਜਾਂਚ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਸੰਨੀ ਨੇ ਕਿਹਾ ਕਿ ਇੱਕ ਮਾਮਲੇ ਦੇ ਵਿੱਚ ਦੋ ਜਾਂਚ ਏਜੰਸੀਆਂ ਕਿਵੇਂ ਜਾਂਚ ਕਰ ਸਕਦੀਆਂ ਹਨ।
ਬਰਗਾੜੀ ਮਾਮਲੇ ਦੀ ਜਾਂਚ ਕਰ ਰਹੀ ਸਿੱਟ ਨੂੰ ਹਾਈ ਕੋਰਟ ਨੇ ਕੀਤਾ ਜਵਾਬ ਤਲਬ ਇਸ ਮਾਮਲੇ ਨੂੰ ਲੈ ਕੇ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਜਿੱਥੇ ਹਾਈ ਕੋਰਟ ਨੇ ਐੱਸਆਈਟੀ ਨੂੰ ਨੋਟਿਸ ਜਾਰੀ ਕਰ ਜਵਾਬ ਤਲਬ ਕੀਤਾ ਹੈ।
ਸੁਖਜਿੰਦਰ ਸਿੰਘ ਸੰਨੀ ਨੇ ਐੱਸਆਈਟੀ ਦੁਆਰਾ ਫ਼ਰੀਦਕੋਟ ਕੋਰਟ ਵਿੱਚ ਪੇਸ਼ ਕੀਤੇ ਚਲਾਨ ਨੂੰ ਚੁਣੌਤੀ ਦਿੱਤੀ ਸੀ। ਦਰਅਸਲ ਐੱਸਆਈਟੀ ਦੁਆਰਾ ਚਲਾਨ ਪੇਸ਼ ਕਰਨ ਤੋਂ ਬਾਅਦ ਫ਼ਰੀਦਕੋਟ ਕੋਰਟ ਵੱਲੋਂ ਸੁਖਜਿੰਦਰ ਸਿੰਘ ਸੰਨੀ ਨੂੰ ਨੋਟਿਸ ਭੇਜਿਆ ਗਿਆ ਸੀ। ਇਸ ਨੋਟਿਸ ਨੂੰ ਰੱਦ ਕਰਨ ਦੀ ਮੰਗ ਸੁਖਜਿੰਦਰ ਸਿੰਘ ਸੰਨੀ ਨੇ ਕੀਤੀ ਸੀ।
ਸੰਨੀ ਦੇ ਮੁਤਾਬਕ, ਪਹਿਲਾਂ ਸੀਬੀਆਈ ਨੇ ਉਸ ਦੇ ਖ਼ਿਲਾਫ਼ ਮਾਮਲਾ ਦਰਜ ਕਰ ਉਸ 'ਤੇ ਕਾਰਵਾਈ ਕੀਤੀ ਜਿਸ ਵਿੱਚ ਉਸ ਨੂੰ ਜ਼ਮਾਨਤ ਮਿਲ ਗਈ ਤੇ ਹੁਣ ਐੱਸਆਈਟੀ ਨੇ ਉਸ ਦੇ ਖ਼ਿਲਾਫ਼ ਕੇਸ ਦਰਜ ਕਰ ਚਲਾਨ ਪੇਸ਼ ਕਰ ਦਿੱਤਾ ਹੈ।