ਚੰਡੀਗੜ੍ਹ: ਹੁਸ਼ਿਆਰਪੁਰ ਦੇ ਮਸ਼ਹੂਰ ਵਕੀਲ ਭਗਵੰਤ ਕਿਸ਼ੋਰ ਗੁਪਤਾ ਤੇ ਉਨ੍ਹਾਂ ਦੀ ਜੂਨੀਅਰ ਵਕੀਲ ਸੀਆ ਖੁੱਲਰ ਦੇ ਕਤਲ ਮਾਮਲੇ 'ਚ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ, ਡੀਜੀਪੀ ਸਣੇ ਹੁਸ਼ਿਆਰਪੁਰ ਦੇ ਐਸਐਸਪੀ ਨੂੰ ਨੋਟਿਸ ਜਾਰੀ ਕਰ ਜਵਾਬ ਮੰਗਿਆ ਹੈ। ਇਸ ਦੇ ਨਾਲ ਹੀ ਇਸ ਕਤਲ ਮਾਮਲੇ 'ਚ ਹੁਣ ਤੱਕ ਹੋਈ ਪੁਲਿਸ ਜਾਂਚ ਦੀ ਰਿਪੋਰਟ ਮੰਗੀ ਗਈ ਹੈ। ਇਹ ਜਵਾਬ ਤੇ ਪੁਲਿਸ ਦੀ ਜਾਂਚ ਰਿਪੋਰਟ 8 ਮਾਰਚ ਨੂੰ ਮਾਮਲੇ ਦੀ ਅਗਲੀ ਸੁਣਵਾਈ ਤੱਕ ਕੋਰਟ 'ਚ ਪੇਸ਼ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਮ੍ਰਿਤਕ ਵਕੀਲ ਦੇ ਪੁੱਤਰ ਨੇ ਦਾਖਲ ਕੀਤੀ ਪਟੀਸ਼ਨ
ਹਾਈਕੋਰਟ ਨੇ ਇਹ ਆਦੇਸ਼ ਮ੍ਰਿਤਕ ਵਕੀਲ ਭਗਵੰਤ ਕਿਸ਼ੋਰ ਗੁਪਤਾ ਦੇ ਬੇਟੇ ਸੁਮਨਇੰਦਰ ਗੁਪਤਾ ਵੱਲੋਂ ਦਾਖਲ ਪਟੀਸ਼ਨ ਦੀ ਸੁਣਵਾਈ ਤਹਿਤ ਦਿੱਤੇ ਹਨ। ਪਟੀਸ਼ਨਕਰਤਾ ਉਸ ਦੇ ਪਿਤਾ ਦਾ ਕਤਲ ਹੋਣ ਤੇ ਇਸ ਮਾਮਲੇ ਦੀ ਸੀਬੀਆਈ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਆਪਣੇ ਪਰਿਵਾਰ ਦੀ ਸੁਰੱਖਿਆ ਦੀ ਮੰਗ ਨੂੰ ਲੈ ਕੇ ਵੀ ਪਟੀਸ਼ਨ ਦਾਖਲ ਕੀਤੀ ਹੈ। ਮ੍ਰਿਤਕ ਬੇਟੇ ਨੇ ਇਸ ਮਾਮਲੇ 'ਚ ਪਿਤਾ ਦੀ ਜੂਨੀਅਰ ਵਕੀਲ ਸੀਆ ਦੇ ਪਤੀ ਅਸ਼ੀਸ਼ ਸਿੰਘ 'ਤੇ ਕਤਲ ਦੀ ਸਾਜਿਸ਼ ਦੇ ਦੋਸ਼ ਲਾਏ ਹਨ। ਉਨ੍ਹਾਂ ਕਤਲ ਨੂੰ ਸੜਕ ਹਾਦਸੇ ਦਾ ਰੰਗ ਦੇਣ ਦੀ ਕੋਸ਼ਿਸ਼ 'ਤੇ ਜ਼ੋਰ ਦਿੱਤਾ।
ਪੁਲਿਸ 'ਤੇ ਕਾਰਵਾਈ ਨਾ ਕਰਨ ਦੇ ਦੋਸ਼
ਪਟੀਸ਼ਨਕਰਤਾ ਨੇ ਦੋਸ਼ ਲਾਇਆ ਪੁਲਿਸ ਵੱਲੋਂ ਇਸ ਮਾਮਲੇ ਨੂੰ ਸੜਕ ਹਾਦਸਾ ਦੱਸਿਆ ਜਾ ਰਿਹਾ ਹੈ। ਪਰਿਵਾਰ ਵੱਲੋਂ ਸ਼ਿਕਾਇਤ ਮਗਰੋਂ ਪੁਲਿਸ ਨੇ ਸੀਆ ਦੇ ਪਤੀ ਅਸ਼ੀਸ਼ ਖੁਸ਼ਵਾਹਾ ਤੇ ਉਸ ਦੇ ਦੋ ਹੋਰ ਦੋਸਤਾਂ ਸੁਨੀਲ ਤੇ ਰਾਹੁਲ ਨਿਵਾਸੀ ਬੁਲੰਦ ਸ਼ਹਿਰ ਦੇ ਖਿਲਾਫ਼ ਕਤਲ ਮਾਮਲਾ ਦਰਜ ਕੀਤਾ ਸੀ। ਪੁਲਿਸ ਨੇ ਮਾਮਲੇ ਦੇ ਇੱਕ ਮੁਲਜ਼ਮ ਕਪਿਲ ਨੂੰ ਗ੍ਰਿਫ਼ਤਾਰ ਕੀਤਾ ਤੇ ਉਸ ਨੇ ਕਤਲ ਦੇ ਜ਼ੁਰਮ ਨੂੰ ਕਬੂਲ ਕੀਤਾ। ਮੁਲਜ਼ਮ ਵੱਲੋਂ ਕਤਲ ਦੇ ਕਬੂਲਨਾਮੇ ਤੋਂ ਬਾਅਦ ਵੀ ਪੁਲਿਸ ਨੇ ਮੁੱਖ ਮੁਲਜ਼ਮ 'ਤੇ ਕਾਰਵਾਈ ਨਹੀਂ ਕੀਤੀ ਤੇ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ।