ਚੰਡੀਗੜ੍ਹ: ਪੰਜਾਬ ਦੇ ਟਰਾਂਸਪੋਰਟ ਵਿਭਾਗ ਵੱਲੋਂ ਟ੍ਰੈਫਿਕ ਨਿਯਮਾਂ ਨੂੰ ਨਵੇਂ ਨਿਯਮ ਜਾਰੀ ਕੀਤੇ ਹਨ। ਇਸ ਸਬੰਧੀ ਵਿਭਾਗ ਦੇ ਵੱਲੋਂ ਬਕਾਇਦਾ ਇੱਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ। ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਅਨੋਖੀ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ। ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੂੰ ਜ਼ੁਰਮਾਨੇ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਪੜ੍ਹਾਉਣਾ ਪੈ ਸਕਦਾ ਹੈ। ਇਸ ਤੋਂ ਇਲਾਵਾ ਹਸਪਤਾਲ ’ਚ ਖੂਨ ਦਾਨ ਦੀ ਸੇਵਾ ਵੀ ਨਿਭਾਉਣੀ ਪੈ ਸਕਦੀ ਹੈ।
ਜ਼ੁਰਮਾਨੇ ਦੇ ਨਾਲ ਅਨੋਖੀ ਸਜ਼ਾ: ਖੂਨ ਦਾਨ ਦੀ ਸੇਵਾ ਨਿਭਾਉਣ ਦਾ ਸਰਟੀਫਿਕੇਟ ਦਿਖਾਉਣ ਤੋਂ ਬਾਅਦ ਹੀ ਜ਼ਬਤ ਕੀਤੇ ਕਾਗਜ਼ ਦਿੱਤੇ ਜਾਣਗੇ। ਇਸ ਸਮਾਜ ਸੇਵਾ ਦੇ ਨਾਲ ਨਾਲ ਉਲੰਘਣਾ ਕਰਨ ਵਾਲਿਆਂ ਨੂੰ ਭਾਰੀ ਜ਼ੁਰਮਾਨਾ ਵੀ ਅਦਾ ਕਰਨਾ ਹੋਵੇਗਾ। ਸ਼ਰਾਬ ਪੀ ਕੇ ਗੱਡੀ ਚਲਾਉਣ ਜਾਂ ਫਿਰ ਮੋਬਾਇਲ ਦੀ ਵਰਤੋਂ ਕਰਨ ਵਾਲਿਆਂ ਨੂੰ ਭਾਰੀ ਜ਼ੁਰਮਾਨਾ ਲੱਗ ਸਕਦਾ ਹੈ ਇਸਦੇ ਨਾਲ ਹੀ ਉਨ੍ਹਾਂ ਦਾ 3 ਮਹੀਨਿਆਂ ਦੇ ਲਈ ਡਰਾਇਵਿੰਗ ਲਾਇਸੈਂਸ ਵੀ ਮੁਅੱਤਲ ਕੀਤਾ ਜਾਵੇਗਾ।
ਟਰਾਂਸਪੋਰਟ ਵਿਭਾਗ ਨੇ ਮੋਟਰ ਵਹੀਕਲ ਐਕਟ (Motor Vehicle Act)ਤਹਿਤ ਹੋਣ ਵਾਲੀ ਕਾਰਵਾਈ ਵਿੱਚ ਅਜਿਹੇ ਸਮਾਜ ਸੇਵਾ ਵਾਲੇ ਕੰਮਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਜਿਸ ਨਾਲ ਲੋਕਾਂ ਨੂੰ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਦਾ ਵੀ ਅਹਿਸਾਸ ਕਰਵਾਇਆ ਜਾਵੇਗਾ। ਸਰਕਾਰ ਦੀ ਇਸ ਤਜਵੀਜ਼ ਨੂੰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ। ਰਾਜਪਾਲ ਵੱਲੋਂ ਮਿਲੀ ਮਨਜ਼ੂਰੀ ਤੋਂ ਬਾਅਦ ਪੰਜਾਬ ਦੇ ਟਰਾਂਸਪੋਰਟ ਵਿਭਾਗ ਵੱਲੋਂ ਨਿਯਮਾਂ ਨੂੰ ਲਾਗੂ ਕਰਨ ਦੇ ਨਿਰਦੇਸ਼ ਦੇ ਦਿੱਤੇ ਹਨ।
ਤੇਜ਼ ਵਾਹਨ ਚਲਾਉਣ ਵਾਲੇ ਹੋ ਜਾਣ ਸਾਵਧਾਨ!: ਇੰਨ੍ਹਾਂ ਨਿਯਮਾਂ ਅਨੁਸਾਰ ਨਿਰਧਾਰਿਤ ਰਫ਼ਤਾਰ ਨਾਲੋਂ ਤੇਜ਼ ਵਾਹਨ ਚਲਾਉਣ ’ਤੇ ਪਹਿਲੀ ਵਾਰੀ ਇੱਕ ਹਾਜ਼ਰ ਰੁਪਏ ਤੇ ਦੂਜੀ ਜਾਂ ਇਸ ਤੋਂ ਵੱਧ ਵਾਰੀ ਉਲੰਘਣਾ ਕਰਨ ’ਤੇ ਦੋ ਹਜ਼ਾਰ ਰੁਪਏ ਜ਼ੁਰਮਾਨਾ ਹੋਵੇਗਾ। ਇਸ ਤੋਂ ਇਲਾਵਾ ਨਿਯਮ ਤੋੜਨ ਵਾਲੇ ਨੂੰ ਟਰਾਂਸਪੋਰਟ ਵਿਭਾਗ ਦਾ ਇੱਕ ਰਿਫ੍ਰੈਸ਼ਰ ਕੋਰਸ ਵੀ ਕਰਨਾ ਪੈ ਸਕਦਾ ਹੈ। ਇਸਦੇ ਨਾਲ ਹੀ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਵਿੱਚ ਤਿੰਨ ਮਹੀਨੇ ਲਈ ਡਰਾਈਵਿੰਗ ਲਾਇਸੈਂਸ ਮੁਅੱਤਲ ਕੀਤਾ ਜਾਵੇਗਾ।
ਕਿਸ ਤਰ੍ਹਾਂ ਦੀ ਹੋਵੇਗੀ ਅਨੋਖੀ ਸਜ਼ਾ: ਇਸਦੇ ਨਾਲ ਹੀ ਨਿਯਮਾਂ ਉਲੰਘਣਾ ਕਰਨ ਵਾਲੇ ਨੂੰਨਜ਼ਦੀਕੀ ਸਕੂਲ ’ਚ ਨੌਵੀਂ ਤੋਂ ਬਾਰ੍ਹਵੀਂ ਤੱਕ ਦੇ 20 ਵਿਦਿਆਰਥੀਆਂ ਨੂੰ ਦੋ ਘੰਟੇ ਲਈ ਟ੍ਰੈਫਿਕ ਨਿਯਮਾਂ ਬਾਰੇ ਵੀ ਜਾਣਕਾਰੀ ਵੀ ਦੇਣੀ ਹੋਵੇਗੀ ਜਿਸ ਤੋਂ ਬਾਅਦ ਨੋਡਲ ਅਫ਼ਸਰ ਵੱਲੋਂ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਨਜ਼ਦੀਕੀ ਹਸਪਤਾਲ ’ਚ ਡਾਕਟਰ ਦੀ ਦੇਖ-ਰੇਖ ’ਚ ਦੋ ਘੰਟਿਆਂ ਤੱਕ ਸੇਵਾਵਾਂ ਵੀ ਦੇਣੀਆਂ ਪੈਣਗੀਆਂ ਜਾਂ ਫਿਰ ਖੂਨ ਦਾਨ ਕਰਨਾ ਹੋਵੇਗਾ। ਉਲੰਘਣਾ ਕਰਨ ਵਾਲੇ ਸਮਾਜ ਸੇਵਾ ਜ਼ਰੂਰੀ ਤੌਰ ’ਤੇ ਕਰਨੀ ਹੋਵੇਗੀ।