ਚੰਡੀਗੜ੍ਹ: ਸ਼ਗਨ ਪ੍ਰੀਤ ਮਾਮਲੇ 'ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਸੁਣਵਾਈ ਹੋਈ। ਸ਼ਗਨ ਪ੍ਰੀਤ ਨੇ ਅਗਾਊਂ ਜ਼ਮਾਨਤ ਲਈ ਅਤੇ ਆਪਣੀ ਸੁਰੱਖਿਆ ਲਈ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਇਸ ਮਾਮਲੇ 'ਚ ਹਾਈਕੋਰਟ 'ਚ ਸੁਣਵਾਈ ਤੋਂ ਬਾਅਦ ਅਦਾਲਤ ਨੇ ਇਸ 'ਤੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ।
ਦੱਸ ਦਈਏ ਕਿ ਅਦਾਲਤ ਵਿੱਚ ਸ਼ਗਨਪ੍ਰੀਤ ਦੇ ਵਕੀਲ ਵਿਨੋਦ ਘਈ ਨੇ ਆਪਣਾ ਪੱਖ ਪੇਸ਼ ਕੀਤਾ। ਘਈ ਨੇ ਅਦਾਲਤ ਨੂੰ ਦੱਸਿਆ ਕਿ ਸ਼ਗਨ ਦੇ ਆਸਟ੍ਰੇਲੀਆ ਜਾਣ ਤੋਂ ਬਾਅਦ ਉਸ ਨੂੰ ਦੋਸ਼ੀ ਬਣਾਇਆ ਗਿਆ ਸੀ। ਇਸ ਤੋਂ ਪਹਿਲਾਂ ਉਸ ਦਾ ਨਾਮ ਕੇਸ ਵਿੱਚ ਨਹੀਂ ਸੀ। ਇਸ 'ਤੇ ਅਦਾਲਤ ਨੇ ਪੁੱਛਿਆ ਕਿ ਸ਼ਗਨ ਦੇ ਵਿਦੇਸ਼ ਜਾਣ ਦਾ ਕੀ ਕਾਰਨ ਸੀ। ਵਕੀਲ ਨੇ ਦੱਸਿਆ ਕਿ ਉਸ ਕੋਲ ਫਰਵਰੀ ਵਿੱਚ ਵੀਜ਼ਾ ਸੀ। ਉਹ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਮਿਲਣ ਗਿਆ ਸੀ।
ਸ਼ਗਨਪ੍ਰੀਤ ਦੇ ਵਕੀਲ ਨੇ ਦਲੀਲ ਦਿੱਤੀ ਕਿ ਪੁਲਿਸ ਨੇ ਸ਼ਗਨ ਨੂੰ 10 ਅਪ੍ਰੈਲ ਨੂੰ ਨਾਮਜ਼ਦ ਕੀਤਾ ਸੀ ਜਦਕਿ ਸ਼ਗਨ 6 ਅਪ੍ਰੈਲ ਨੂੰ ਆਸਟ੍ਰੇਲੀਆ ਗਿਆ ਸੀ। ਦਿੱਲੀ ਚ ਕਿਸੇ ਹੋਰ ਮਾਮਲੇ ਚ ਮੁਲਜ਼ਮਾਂ ਨੇ ਡਿਸਕਲੋਜ਼ ਸਟੇਟਮੇਂਟ ਚ ਸ਼ਗਨ ਦਾ ਨਾਂ ਲਿਆ ਅਤੇ ਉਸਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ।
ਅਦਾਲਤ ਵੱਲੋਂ ਉਸ ਨੂੰ ਦੱਸਿਆ ਗਿਆ ਕਿ ਪੁਲਿਸ ਕੋਲ ਸ਼ਗਨ ਖ਼ਿਲਾਫ਼ ਕੋਈ ਸਬੂਤ ਨਹੀਂ ਹੈ। ਇਹ ਐਫਆਈਆਰ ਕਿਸ ਆਧਾਰ ’ਤੇ ਹੋਈ ਹੈ। ਸ਼ਗਨ ਦੇ ਵਕੀਲ ਨੇ ਕਿਹਾ ਕਿ ਉਹ ਭਾਰਤ ਆ ਕੇ ਜਾਂਚ 'ਚ ਸ਼ਾਮਲ ਹੋਣਾ ਚਾਹੁੰਦਾ ਹੈ। ਪਰ ਉਸ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਉਸ ਦੀ ਜਾਨ ਨੂੰ ਖ਼ਤਰਾ ਹੈ।
ਅਦਾਲਤ ਨੇ ਪੁੱਛਿਆ ਕਿ ਗੌਰਵ ਪਟਿਆਲ ਨਾਲ ਸ਼ਗਨ ਦਾ ਕੀ ਸਬੰਧ ਹੈ ਅਤੇ ਮਕਸਦ ਕੀ ਹੈ? ਵਿੱਕੀ ਮਿੱਡੂਖੇੜਾ ਦੇ ਭਰਾ ਦੇ ਵਕੀਲ ਨੇ ਦੱਸਿਆ ਕਿ 28 ਮਾਰਚ ਨੂੰ ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ ਦੋ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਸ਼ਗਨ 2 ਅਪ੍ਰੈਲ ਨੂੰ ਦੁਬਈ ਤੋਂ ਵਾਪਸ ਆਇਆ ਸੀ ਅਤੇ 5 ਤਰੀਕ ਨੂੰ ਦੁਬਾਰਾ ਆਸਟ੍ਰੇਲੀਆ ਗਿਆ ਸੀ।
ਵਿੱਕੀ ਦੇ ਭਰਾ ਦੇ ਵਕੀਲ ਨੇ ਦੱਸਿਆ ਕਿ ਸ਼ਗਨ 2 ਅਪ੍ਰੈਲ ਨੂੰ ਦੁਬਈ ਤੋਂ ਭਾਰਤ ਆਇਆ ਸੀ, ਫਿਰ 6 ਅਪ੍ਰੈਲ ਨੂੰ ਅਜਿਹਾ ਕੀ ਹੋਇਆ ਕਿ ਉਹ ਆਸਟ੍ਰੇਲੀਆ ਚਲਾ ਗਿਆ? ਅਦਾਲਤ ਨੇ ਵਿੱਕੀ ਮਿੱਡੂ ਖੇੜਾ ਮਾਮਲੇ 'ਚ ਪੰਜਾਬ ਪੁਲਿਸ ਦੀ ਜਾਂਚ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਇਸ ਮਾਮਲੇ ਦੀ ਵਿਗਿਆਨਕ ਜਾਂਚ ਕੀਤੀ ਹੈ। ਟਾਵਰ ਲੋਕੇਸ਼ਨ ਦੀ ਸਥਿਤੀ ਦੇ ਆਧਾਰ 'ਤੇ ਕਿਸੇ ਨੂੰ ਅਪਰਾਧੀ ਨਹੀਂ ਮੰਨਿਆ ਜਾ ਸਕਦਾ ਹੈ। ਦਰਅਸਲ, ਸਰਕਾਰੀ ਵਕੀਲ ਸ਼ਗਨ ਪ੍ਰੀਤ ਦੇ ਟਾਵਰ ਲੋਕੇਸ਼ਨ ਦਾ ਹਵਾਲਾ ਦੇ ਰਿਹਾ ਸੀ।
ਇਸ ’ਤੇ ਅਦਾਲਤ ਨੇ ਵਕੀਲ ਨੂੰ ਟੋਕਦਿਆਂ ਕਿਹਾ ਕੀ ਤੁਸੀਂ ਫੋਨ ਦਾ IMEI ਨੰਬਰ ਅਤੇ ਗੂਗਲ ਦੀ ਲੋਕੇਸ਼ਨ ਵੀ ਚੈੱਕ ਕੀਤੀ ਹੈ? ਤਾਂ ਇਸ 'ਤੇ ਸਰਕਾਰੀ ਵਕੀਲ ਨੇ ਕਿਹਾ ਕਿ ਨਹੀਂ। ਸਰਕਾਰੀ ਵਕੀਲ ਨੇ ਮੰਨਿਆ ਕਿ ਅਸੀਂ ਇਸ ਤਰ੍ਹਾਂ ਦੀ ਜਾਂਚ ਵਿੱਚ ਪਿੱਛੇ ਹਾਂ। ਅਦਾਲਤ ਨੇ ਸਰਕਾਰੀ ਵਕੀਲ ਤੋਂ ਪੁੱਛਿਆ ਕਿ ਵਿੱਕੀ ਦੇ ਕਤਲ ਪਿੱਛੇ ਕੀ ਮਕਸਦ ਸੀ।
ਵਕੀਲ ਨੇ ਦੱਸਿਆ ਕਿ ਵਿੱਕੀ ਨੂੰ ਕਈ ਸਾਲ ਪਹਿਲਾਂ ਗੌਰਵ ਪਟਿਆਲ ਗੈਂਗ ਵੱਲੋਂ ਧਮਕੀਆਂ ਮਿਲੀਆਂ ਸਨ। ਅਦਾਲਤ ਨੇ ਪੁੱਛਿਆ ਕਿ ਕੀ ਸ਼ਗਨ ਪ੍ਰੀਤ ਕਿਸੇ ਗੈਂਗ ਨਾਲ ਜੁੜੀ ਹੋਈ ਹੈ? ਵਕੀਲ ਨੇ ਕਿਹਾ ਕਿ ਨਹੀਂ। ਪਰ ਉਸ ਨੇ ਗੋਲੀ ਚਲਾਉਣ ਵਾਲੇ ਨੂੰ ਪਨਾਹ ਦਿੱਤੀ ਸੀ। ਇਸ ਤੋਂ ਬਾਅਦ ਅਦਾਲਤ ਨੇ ਇਸ ਮਾਮਲੇ 'ਚ ਫੈਸਲਾ ਸੁਰੱਖਿਅਤ ਰੱਖ ਲਿਆ।
ਇਹ ਵੀ ਪੜੋ:ਸੀਐੱਮ ਮਾਨ ਲਈ ਲੱਗਿਆ ' ਸਾਲੀਆਂ ਦਾ ਨਾਕਾ', ਦੇਖੋ ਵੀਡੀਓ