ਚੰਡੀਗੜ੍ਹ:ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ (Punjab women commission chairperson Manisha Gulati) ਵੱਲੋਂ ਔਰਤਾਂ ਦੀ ਤੁਲਣਾ ਸ਼ਰਾਬ ਨਾਲ ਕਰਨ ਦੇ ਮਾਮਲੇ ’ਚ ਵੀਡੀਓ ਕਾਨਫਰਸਿੰਗ ਦੇ ਜ਼ਰੀਏ ਸੁਣਵਾਈ ਕੀਤੀ। ਵੀਡੀਓ ਕਾਨਫਰਸਿੰਗ ਜਰੀਏ ਜੋ ਵੀ ਕਾਰਵਾਈ ਹੋਈ ਉਹ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਆਪਣੇ ਫੇਸਬੁੱਕ ਪੇਜ਼ ’ਤੇ ਸਾਂਝੀ ਕੀਤੀ।
ਕਰਨ ਔਜਲਾ ਅਤੇ ਹਰਜੀਤ ਹਰਮਨ ਨੇ ਦਿਵਾਇਆ ਯਕੀਨ
ਫੇਸਬੁੱਕ ’ਤੇ ਪੋਸਟ ਸਾਂਝੀ ਕਰਦੇ ਹੋਏ ਮਨੀਸ਼ਾ ਗੁਲਾਟੀ ਨੇ ਦੱਸਿਆ ਕਿ ਪਿਛਲੇ ਦਿਨੀਂ ਪੰਜਾਬੀ ਗਾਇਕ ਕਰਨ ਔਜਲਾ ਤੇ ਹਰਜੀਤ ਹਰਮਨ ਦੇ ਗਾਣੇ ‘ਸ਼ਰਾਬ’ ਜਿਸ ਵਿੱਚ ਮਹਿਲਾਵਾਂ ਬਾਰੇ ਗਲਤ ਟਿੱਪਣੀਆਂ ਕੀਤੀਆਂ ਗਈਆਂ ਸੀ ਉਸ ‘ਤੇ ਮਹਿਲਾ ਕਮਿਸ਼ਨ ਵੱਲੋਂ ਸੂ-ਮੋਟੋ ਲਿਆ ਗਿਆ ਸੀ। ਅੱਜ ਕਰਨ ਔਜਲਾ ਨੇ ਵੀਡੀਓ ਕਾੱਲ ਰਾਹੀਂ ਸਾਡੇ ਸਾਹਮਣੇ ਆਪਣਾ ਪੱਖ ਰੱਖਿਆ ਤੇ ਯਕੀਨ ਦਿਵਾਇਆ ਕਿ ਉਹਨਾਂ ਨੇ ਹਮੇਸ਼ਾ ਪੰਜਾਬ ਤੇ ਪੰਜਾਬੀ ਸੱਭਿਆਚਾਰ ਦਾ ਖਿਆਲ ਰੱਖਿਆ ਹੈ ਤੇ ਅੱਗੇ ਵੀ ਰੱਖਦੇ ਰਹਿਣਗੇ। ਉਹਨਾਂ ਨੇ ਇਹ ਵੀ ਭਰੋਸਾ ਦਿਵਾਇਆ ਕਿ ਉਹ ਇਸ ਗੱਲ ਦਾ ਧਿਆਨ ਰੱਖਣਗੇ ਕਿ ਉਨ੍ਹਾਂ ਦੇ ਗਾਣਿਆ ਨਾਲ ਕਿਸੇ ਦਾ ਵੀ ਅਕਸ ਨਾ ਖਰਾਬ ਹੋਵੇ। ਕਰਨ ਔਜਲਾ ਨੇ ਕਿਹਾ ਕਿ ਜਦੋਂ ਉਹ ਪੰਜਾਬ ਵਾਪਿਸ ਆਏ ਤਾਂ ਮਹਿਲਾ ਕਮਿਸ਼ਨ ਨਾਲ ਮੁਲਾਕਾਤ ਕਰਨਗੇ ਤੇ ਮੈਨੂੰ ਉਮੀਦ ਹੈ ਕਿ ਉਹ ਇੱਕ ਜ਼ਿੰਮੇਵਾਰ ਪੰਜਾਬੀ ਹੋਣ ਦੇ ਨਾਤੇ ਆਪਣੀ ਕਹੀ ਗੱਲ ‘ਤੇ ਅਮਲ ਕਰਨਗੇ।