ਚੰਡੀਗੜ੍ਹ: ਹਰਿਆਣਾ ਵਿਧਾਨਸਭਾ ਚੋਣਾਂ ਨੂੰ ਲੈ ਕੇ ਜਿੱਥੇ ਅਕਾਲੀ ਦਲ ਦਾ ਭਾਜਪਾ ਨਾਲ ਗਠਜੋੜ ਟੁੱਟ ਗਿਆ ਹੈ, ਉੱਥੇ ਹੀ ਦੋਹਾਂ ਪਾਰਟੀਆਂ ਆਪਣੇ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ 'ਚ ਉਤਾਰਨ ਲਈ ਪੂਰੀ ਤਿਆਰੀ ਕਰ ਚੁੱਕੀਆਂ ਹਨ। ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅਕਾਲੀ ਦਲ ਨੇ ਮੁੱਖ ਦਫ਼ਤਰ ਵਿੱਚ ਬੈਠਕ ਕੀਤੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੀਟਿੰਗ ਦੀ ਪ੍ਰਧਾਨਗੀ ਕੀਤੀ ਹੈ। ਇਸ ਬੈਠਕ 'ਚ ਹਰਿਆਣਾ ਵਿੱਚ ਕਿਹੜਾ ਉਮੀਦਵਾਰ ਕਿੱਥੋਂ ਜਾਣੇ ਹਨ ਇਸ 'ਤੇ ਚਰਚਾ ਕੀਤੀ ਗਈ, ਛੋਟੀ ਤੇ ਸਰਗਰਮ ਪਾਰਟੀਆਂ ਨੂੰ ਲੈ ਕੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ।
ਬੈਠਕ ਤੋਂ ਬਾਅਦ ਸੁਖਬੀਰ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੋਹਾਂ ਸੂਬਿਆਂ ਵਿੱਚ ਸਿਆਸਤ ਅੱਡ ਅੱਡ ਹੈ, ਇਸਦਾ ਕੋਈ ਅਸਰ ਪੰਜਾਬ ਵਿੱਚ ਵੇਖਣ ਨੂੰ ਨਹੀਂ ਮਿਲੇਗਾ। ਬਾਦਲ ਨੇ ਕਿਹਾ ਕਿ ਹਰ ਹਲਕੇ ਵਿੱਚ ਅਕਾਲੀ ਦਲ ਦਾ ਵਿਧਾਇਕ ਤਾਂ ਸੰਭਵ ਨਹੀਂ ਹੈ ਪਰ ਪਹਿਲਾਂ ਨਾਲੋਂ ਬਿਹਤਰ ਸਥਿਤੀ ਹੋਵੇਗੀ। ਬਾਦਲ ਨੇ ਕਿਹਾ ਕਿ ਹੁਣ ਤੱਕ ਕਦੇ ਵੀ ਵਿਧਾਨ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਦਾ ਬੀਜੇਪੀ ਦੇ ਨਾਲ ਗੱਠਜੋੜ ਨਹੀਂ ਚੱਲਿਆ।