ਚੰਡੀਗੜ੍ਹ: ਕੇਂਦਰੀ ਫ਼ੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਐੱਨਡੀਏ ਸਰਕਾਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸ੍ਰੀ ਹਰਮੰਦਿਰ ਸਾਹਿਬ ਸਮੇਤ ਹੋਰ ਗੁਰਦੁਆਰਿਆਂ 'ਚ ਲੰਗਰ ਦੀ ਸਮੱਗਰੀ 'ਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ 'ਤੋਂ ਜੀਐੱਸਟੀ ਹਟਾਉਣ 'ਤੇ ਧੰਨਵਾਦ ਕੀਤਾ। ਹਰਸਿਮਰਤ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਸਿੱਖਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕੀਤਾ ਹੈ।
ਇਸ ਬਾਰੇ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੇਂਦਰੀ ਸੱਭਿਆਚਾਰ ਮੰਤਰਾਲੇ ਨੇ ਲੁਧਿਆਣਾ ਦੀ ਜੀਐੱਸਟੀ ਅਥਾਰਟੀ ਨੂੰ 57 ਲੱਖ ਰੁਪਏ ਜੀਐੱਸਟੀ ਦੀ ਰਕਮ ਰੀਫੰਡ ਕਰ ਦਿੱਤੀ ਹੈ। ਇਹ ਰਕਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਇਹ ਜੀਐੱਸਟੀ ਰੀਫੰਡ ਦੀ ਪਹਿਲੀ ਕਿਸ਼ਤ ਹੈ ਤੇ ਇਸ ਤੋਂ ਬਾਅਦ ਇਹ ਰੀਫੰਡ ਹਰ 3 ਮਹੀਨਿਆਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਰੀ ਕੀਤਾ ਜਾਵੇਗਾ। ਹਰਸਿਮਰਤ ਬਾਦਲ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਦਾ ਧੰਨਵਾਦੀ ਕਰਦੀ ਹਾਂ ਕਿ ਉਨ੍ਹਾਂ ਨੇ ਸਿੱਖਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਇਸ ਮੁੱਦੇ ਨੂੰ ਸਿੱਖਾਂ ਦੀ ਤਸੱਲੀ ਮੁਤਾਬਿਕ ਹੱਲ ਕੀਤਾ ਹੈ।
ਜ਼ਿਕਰਯੋਗ ਹੈ ਕਿ ਪਿਛਲੀ ਐੱਨਡੀਏ ਸਰਕਾਰ ਨੇ 'ਸੇਵਾ ਭੋਜ ਯੋਜਨਾ' ਤਹਿਤ ਵਿੱਤੀ ਮੱਦਦ ਦੇ ਕੇ ਲੰਗਰ ਦੀ ਸਮੱਗਰੀ ਨੂੰ ਜੀਐਸਟੀ ਤੋਂ ਛੋਟ ਦੇਣ ਦਾ ਫ਼ੈਸਲਾ ਕੀਤਾ ਸੀ। ਇਹ ਸਕੀਮ ਤਹਿਤ ਗੁਰਦੁਆਰਿਆਂ ਤੇ ਲੰਗਰ ਛਕਾਉਣ ਵਾਲੀਆਂ ਹੋਰ ਧਾਰਮਿਕ ਸੰਸਥਾਵਾਂ ਤੇ ਲੱਗਣ ਵਾਲੇ ਕੇਂਦਰੀ ਜੀਐੱਸਟੀ ਅਤੇ ਆਈਜੀਐੱਸਟੀ ਨੂੰ ਵਾਪਸ ਮੋੜਣ ਦਾ ਫ਼ੈਸਲਾ ਕੀਤਾ ਸੀ।
ਇਸ ਤੋਂ ਪਹਿਲਾਂ ਅਪ੍ਰੈਲ 2018 ਵਿਚ ਹਰਸਿਮਰਤ ਕੌਰ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਗੁਰਦੁਆਰਿਆਂ ਅੰਦਰ ਲੰਗਰ ਤਿਆਰ ਕਰਨ ਲਈ ਇਸਤੇਮਾਲ ਹੁੰਦੀ ਰਸਦ 'ਤੋਂ ਜੀਐਸਟੀ ਹਟਾਉਣ ਦੀ ਅਪੀਲ ਕੀਤੀ ਸੀ। ਜਿਸ ਨੂੰ ਬਹੁਤ ਜਲਦੀ ਸਵੀਕਾਰ ਕਰ ਲਿਆ ਗਿਆ ਸੀ ਅਤੇ ਇਸ ਵਾਸਤੇ ਸੇਵਾ ਭੋਜ ਯੋਜਨਾ ਤਿਆਰ ਕੀਤੀ ਗਈ ਸੀ।