ਚੰਡੀਗੜ੍ਹ: ਖੇਤੀ ਆਰਡੀਨੈਂਸ ਜੋ ਕਿ ਹੁਣ ਸੰਸਦ ਵਿੱਚੋਂ ਪਾਸ ਹੋ ਕੇ ਬਿੱਲਾਂ ਦਾ ਰੂਪ ਧਾਰਨ ਕਰ ਚੁੱਕੇ ਹਨ। ਇਨ੍ਹਾਂ ਖੇਤੀ ਬਿੱਲਾਂ ਦੇ ਕਾਨੂੰਨ ਬਨਣ ਵਿੱਚ ਸਿਰਫ਼ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਦਸਖਤਾਂ ਤੱਕ ਦਾ ਹੀ ਫਾਸਲਾ ਬਾਕੀ ਹੈ। ਸਮੁੱਚੀ ਵਿਰੋਧੀ ਧਿਰ ਅਤੇ ਐੱਨਡੀਏ ਦੀ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਬਿੱਲਾਂ 'ਤੇ ਰਾਸ਼ਟਰਪਤੀ ਨੂੰ ਦਸਖ਼ਤ ਨਾ ਕਰਨ ਦੀ ਅਪੀਲ ਕਰ ਰਹੇ ਹਨ ਅਤੇ ਕਿਸਾਨਾਂ ਦੀ ਆਵਾਜ਼ ਸੁਣਨ ਦੀ ਦੁਹਾਈ ਲਗਾ ਰਹੀ ਹੈ। ਇਸੇ ਦੌਰਾਨ ਸਾਬਕਾ ਕੇਂਦਰੀ ਵਜ਼ੀਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਇੱਕ ਟਵੀਟ ਕਰਕੇ ਰਾਸ਼ਟਰਪਤੀ ਨੂੰ ਕਿਸਾਨਾਂ ਦੀ ਆਵਾਜ਼ ਸੁਣਨ ਦੀ ਦੁਹਾਈ ਲਗਾਈ ਹੈ।
ਬੀਬੀ ਬਾਦਲ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ "ਸ਼੍ਰੋਮਣੀ ਅਕਾਲੀ ਦਲ ਤੋਂ ਬਾਅਦ, ਵਿਰੋਧੀ ਧਿਰ ਦੀਆਂ 18 ਹੋਰ ਪਾਰਟੀਆਂ ਨੇ ਭਾਰਤ ਦੇ ਰਾਸ਼ਟਰਪਤੀ ਕੋਲ ਖੇਤੀ ਬਿੱਲਾਂ ਨੂੰ ਮੂੜ ਵਿਚਾਰ ਲਈ ਸੰਸਦ 'ਚ ਭੇਜਣ ਲਈ ਪਹੁੰਚ ਕੀਤੀ ਹੈ। ਮਾਣਯੋਗ ਰਾਸ਼ਟਰਪਤੀ ਜੀ ਨੂੰ ਅਪੀਲ ਹੈ ਉਹ ਅੰਨਦਾਤਾ ਦੀ ਪੁਕਾਰ ਸੁਣਨ ਅਤੇ ਕੇਂਦਰ ਸਰਕਾਰ ਨੂੰ ਬੇਨਤੀ ਹੈ ਕਿ ਕਿਸਾਨ ਮਸਲਿਆਂ ਦੇ ਢੁੱਕਵੇਂ ਹੱਲ ਕਰੇ।"